ਅੰਮ੍ਰਿਤਸਰ ''ਚ ਤਿੰਨ ਦਿਨ ਬਾਅਦ ਰਮਦਾਸ ਰੋਡ ਤੋਂ ਮਹਿਲਾ ਸਰਪੰਚ ਦੇ ਪਤੀ ਦੀ ਲਾਸ਼ ਮਿਲੀ

ਅੰਮ੍ਰਿਤਸਰ ''ਚ ਤਿੰਨ ਦਿਨ ਬਾਅਦ ਰਮਦਾਸ ਰੋਡ ਤੋਂ ਮਹਿਲਾ ਸਰਪੰਚ ਦੇ ਪਤੀ ਦੀ ਲਾਸ਼ ਮਿਲੀ

 ਮਹਿਮਦ ਮੰਦਰਾਂਵਾਲਾ ਦੀ ਮਹਿਲਾ ਸਰਪੰਚ ਦੇ ਪਤੀ ਕੁਲਜੀਤ ਸਿੰਘ ਦੀ ਲਾਸ਼ ਤਿੰਨ ਦਿਨ ਬਾਅਦ ਰਮਦਾਸ ਰੋਡ ਤੋਂ ਭੇਦਭਰੇ ਹਾਲਾਤਾਂ ਵਿੱਚ ਮਿਲਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਜਾਣਕਾਰੀ ਮੁਤਾਬਕ ਕੁਲਜੀਤ ਸਿੰਘ ਤਿੰਨ ਦਿਨ ਪਹਿਲਾਂ ਆਪਣੇ ਪੋਤਰੇ ਦਾ ਸਰਟੀਫਿਕੇਟ ਲੈਣ ਲਈ ਫਤਿਹਗੜ੍ਹ ਚੂੜੀਆਂ ਜਾਣ ਵਾਸਤੇ ਘਰੋਂ ਨਿਕਲੇ ਸਨ। ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਪਹੁੰਚੇ, ਜਿਸ ਕਾਰਨ ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।

ਅੱਜ ਰਮਦਾਸ ਰੋਡ ਤੋਂ ਕੁਲਜੀਤ ਸਿੰਘ ਦੀ ਲਾਸ਼ ਭੇਦਭਰੇ ਹਾਲਾਤਾਂ ਵਿੱਚ ਬਰਾਮਦ ਹੋਈ। ਲਾਸ਼ ਮਿਲਣ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਮੌਕੇ ’ਤੇ ਪਹੁੰਚੇ। 

ਪਰਿਵਾਰ ਵੱਲੋਂ ਕੁਲਜੀਤ ਸਿੰਘ ਦੇ ਕਤਲ ਹੋਣ ਦਾ ਖਦਸ਼ਾ ਜਤਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ’ਤੇ ਵੀ ਸਵਾਲ ਚੁੱਕੇ , ਪੁਲਿਸ ਵਿਰੁੱਧ ਨਾਰੇਬਾਜ਼ੀ ਕਰ ਇਨਸਾਫ ਦੀ ਮੰਗ ਕੀਤੀ। 

ਇਸ ਦੌਰਾਨ ਮੌਕੇ ’ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾ ਸੁੱਖ ਅਜਨਾਲਾ ਵੀ ਪਹੁੰਚੇ। ਉਨ੍ਹਾਂ ਨੇ ਵੀ ਪੁਲਿਸ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।

ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਨਸਾਫ਼ ਦੀ ਮੰਗ ਕੀਤੀ ਗਈ। ਫਿਲਹਾਲ ਕੁਲਜੀਤ ਸਿੰਘ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੁਲਿਸ ਜਾਂਚ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਡੀਐਸਪੀ ਅਜਨਾਲਾ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।