ਪਾਕਿਸਤਾਨ ਪੰਜਾਬ ਦੀ CM ਨੂੰ ਜਥੇਦਾਰ ਗੜਗੱਜ ਨੇ ਚਿੱਠੀ ਲਿੱਖ ਲਾਹੌਰ ’ਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਦੀ ਕੀਤੀ ਮੰਗ

ਪਾਕਿਸਤਾਨ ਪੰਜਾਬ ਦੀ CM ਨੂੰ ਜਥੇਦਾਰ ਗੜਗੱਜ ਨੇ ਚਿੱਠੀ ਲਿੱਖ ਲਾਹੌਰ ’ਚ ਸਿੱਖ ਵਿਰਾਸਤੀ ਸਥਾਨਾਂ ਦੀ ਸੁਰੱਖਿਆ ਦੀ ਕੀਤੀ ਮੰਗ

ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਾਕਿਸਤਾਨ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ ਸ਼ਰੀਫ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਲਾਹੌਰ ਦੇ ਅੰਦਰੂਨੀ ਸ਼ਹਿਰ ਵਿਚ ਸਿਖ ਇਤਿਹਾਸ ਨਾਲ ਜੁੜੇ ਵਿਰਾਸਤੀ ਥਾਵਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ।

ਜਥੇਦਾਰ ਨੇ ਖਾਸ ਤੌਰ ਤੋਂ ਸ੍ਰੀ ਗੁਰੂ ਅਰਜਨ ਦੇ ਜੀ ਦੀ ਸ਼ਹਾਦਤ ਨਾਲ ਜੁੜੇ ‘ਲਾਲ ਖੂਹ, ਕੱਟੜੀ ਚੰਦੂ’ ਦੀ ਮੌਜੂਦਾ ਸਥਿਤੀ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਚਿੱਠੀ ਦੀ ਇਕ ਕਾਪੀ ਪੰਜਾਬ ਸਰਕਾਰ ਦੇ ਸੂਬਾਈ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੂੰ ਵੀ ਸੰਬੋਧਿਤ ਕੀਤੀ ਗਈ ਹੈ।

ਚਿੱਠੀ ਵਿਚ ਜਥੇਦਾਰ ਨੇ ਕਿਹਾ ਕਿ ਇਸ ਦਾ ਉਦੇਸ਼ ਕਿਸੇ ਸਰਕਾਰ, ਸੰਸਥਾ ਜਾਂ ਵਿਅਕਤੀ ‘ਤੇ ਦੋਸ਼ ਲਗਾਉਣਾ ਨਹੀਂ ਸਗੋਂ ਲਾਹੌਰ ਦੀ ਉਸ ਸਾਂਝੀ ਇਤਿਹਾਸਕ ਵਿਰਾਸਤ ਵੱਲ ਧਿਆਨ ਦਿਵਾਉਣਾ ਹੈ। ਇਸ ਨਾਲ ਸਿੱਖ ਇਤਿਹਾਸ ਦੇ ਮਹੱਤਵਪੂਰਨ ਅਧਿਆਏ ਜੁੜੇ ਹਨ। ਉਨ੍ਹਾਂ ਕਿਹਾ ਕਿ ਸਮੇਂ ਦੇ ਨਾਲ ਸ਼ਹਿਰੀ ਵਿਕਾਸ, ਪੰਜਾਬ ਵੰਡ ਤੇ ਹੋਰ ਇਤਿਹਾਸਕ ਹਾਲਾਤਾਂ ਕਾਰਨ ਕਈ ਇਤਿਹਾਸਕ ਨਿਸ਼ਾਨੀਆਂ ਖਤਮ ਹੋ ਚੁੱਕੀਆਂ ਹਨ ਜਾਂ ਆਪਣੇ ਮੂਲ ਸਰੂਪ ਵਿਚ ਨਹੀਂ ਹਨ। ਅਜਿਹੇ ਵਿਚ ਬਚੀ ਹੋਈ ਵਿਰਾਸਤ ਦੀ ਸੁਰੱਖਿਆ ਮਹੱਤਵਪੂਰਨ ਹੈ। ਜਥੇਦਾਰ ਨੇ ਕਿਸੇ ਅਨੁਮਾਨ ਦੀ ਬਜਾਏ ਅਧਿਕਾਰਕ ਤੱਥਾਂ ਦੇ ਆਧਾਰ ‘ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਜਥੇਦਾਰ ਨੇ ਸੁਝਾਅ ਦਿੱਤਾ ਕਿ ਜਾਂਚ ਪੂਰੀ ਹੋਣ ਤਕ ਜੇਕਰ ਉਥੇ ਕੋਈ ਨਿਰਮਾਣ ਜਾਂ ਬਦਲਾਅ ਚੱਲ ਰਿਹਾ ਹੈ ਤਾਂ ਉਸ ਨੂੰ ਰੋਕਿਆ ਜਾਵੇ। ਨਾਲ ਹੀ ਵਾਲਡ ਸਿਟੀ ਆਫ ਲਾਹੌਰ ਅਥਾਰਟੀ, ਪੁਰਾਤਤਵ ਵਿਭਾਗ ਤੇ ਸਬੰਧਤ ਮਾਹਿਰਾਂ ਰਾਹੀਂ ਥਾਂ ਦੀ ਇਤਿਹਾਸਕ ਤੇ ਵਿਰਾਸਤੀ ਅਹਿਮੀਅਤ ਦੀ ਜਾਂਚ ਕਰਵਾਈ ਜਾਵੇ।ਇਸ ਵਿਚ ਸਿੱਖ ਇਤਿਹਾਸ ਦੇ ਮਾਹਿਰਾਂ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤੀਨਿਧੀਆਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ।

ਇਸ ਤੋਂ ਇਲਾਵਾ ਲਾਹੌਰ ਦੇ ਅੰਦਰੂਨੀ ਸ਼ਹਿਰ ਵਿਚ ਸਿੱਖ ਇਤਿਹਾਸ ਨਾਲ ਜੁੜੀਆਂ ਮੁੱਖ ਥਾਵਾਂ ਦਾ ਵਿਆਪਕ ਵਿਰਾਸਤ ਸਰਵੇਖਣ ਕਰਵਾ ਕੇ ਉਨ੍ਹਾਂ ਦੀ ਸਥਿਤੀ, ਇਤਿਹਾਸਕ ਮਹੱਤਵ, ਮਾਲਕਾਨਾ ਹੱਕ ਤੇ ਕਾਨੂੰਨੀ ਸਥਿਤੀ ਦਾ ਰਿਕਾਰਡ ਤਿਆਰ ਕਰਨ ਨੂੰ ਕਿਹਾ ਹੈ। ਜਥੇਦਾਰ ਨੇ ਉਮੀਦ ਪ੍ਰਗਟਾਈ ਕਿ ਪਾਕਿਸਤਾਨ ਪੰਜਾਬ ਸਰਕਾਰ ਇਸ ਮਾਮਲੇ ਵਿਚ ਜ਼ਰੂਰ ਕਾਰਵਾਈ ਕਰੇਗੀ ਤੇ ਇਸ ਦੀ ਜਾਣਕਾਰੀ ਸਿੱਖ ਸੰਗਤ, SGPC ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੀ ਜਾਵੇਗੀ।