ਅੰਮ੍ਰਿਤਸਰ ''ਚ ਜੰਮੂ-ਕਸ਼ਮੀਰ ਪੁਲਸ ਦੀ ਰੇਡ, AK-47 ਨਾਲ 2 ਮੁੰਡੇ ਗ੍ਰਿਫਤਾਰ

ਅੰਮ੍ਰਿਤਸਰ ''ਚ ਜੰਮੂ-ਕਸ਼ਮੀਰ ਪੁਲਸ ਦੀ ਰੇਡ, AK-47 ਨਾਲ 2 ਮੁੰਡੇ ਗ੍ਰਿਫਤਾਰ

ਅੰਮ੍ਰਿਤਸਰ ਦੀ ਡਰੀਮ ਸਿਟੀ ਕਲੋਨੀ 'ਚ ਅੱਜ ਸਵੇਰੇ ਜੰਮੂ-ਕਸ਼ਮੀਰ ਪੁਲਸ ਅਤੇ ਅੰਮ੍ਰਿਤਸਰ ਦਿਹਾਤੀ ਪੁਲਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੌਰਾਨ ਇੱਕ ਫਲੈਟ 'ਚ ਛਾਪੇਮਾਰੀ ਕਰਕੇ ਪੁਲਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਹੈ। ਛਾਪੇਮਾਰੀ ਦੌਰਾਨ ਇਕ ਏਕੇ-47 ਰਾਈਫਲ, ਇਕ ਪਿਸਤੌਲ ਅਤੇ ਕਰੀਬ 500 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਜੰਮੂ ਪੁਲਸ ਨੂੰ ਇਕ ਵਾਰੰਟਸ਼ੁਦਾ ਵਿਅਕਤੀ ਸਬੰਧੀ ਖੁਫੀਆ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ 'ਤੇ ਉਸ ਨੂੰ ਟਰੇਸ ਕਰਦਿਆਂ ਪੁਲਸ ਟੀਮ ਅੰਮ੍ਰਿਤਸਰ ਦੀ ਡਰੀਮ ਸਿਟੀ ਕਲੋਨੀ ਵਿਚ ਪਹੁੰਚੀ। ਇਸ ਤੋਂ ਬਾਅਦ ਜੰਮੂ ਪੁਲਸ ਤੇ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਸਾਂਝੇ ਤੌਰ 'ਤੇ ਫਲੈਟ ਵਿੱਚ ਰੇਡ ਕੀਤੀ।

ਮੌਕੇ 'ਤੇ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਕਈ ਉੱਚ ਅਧਿਕਾਰੀ ਵੀ ਪਹੁੰਚੇ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਆਪਰੇਸ਼ਨ ਚਲਾਇਆ ਗਿਆ। ਘਟਨਾ ਤੋਂ ਬਾਅਦ ਡਰੀਮ ਸਿਟੀ ਕਲੋਨੀ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਵਿੱਚ ਚਰਚਾ ਹੈ ਕਿ ਕਿਰਾਏ ਦੇ ਫਲੈਟ ਵਿੱਚ ਹਥਿਆਰ ਅਤੇ ਨਸ਼ਾ ਮਿਲਣਾ ਸੁਰੱਖਿਆ ਪੱਖੋਂ ਵੱਡੀ ਚਿੰਤਾ ਦਾ ਵਿਸ਼ਾ ਹੈ।ਜਾਣਕਾਰੀ ਅਨੁਸਾਰ ਇਹ ਪਰਿਵਾਰ ਡਰੀਮ ਸਿਟੀ ਕਲੋਨੀ 'ਚ ਕਿਰਾਏ 'ਤੇ ਰਹਿ ਰਿਹਾ ਸੀ। ਪੁਲਸ ਵੱਲੋਂ ਫਲੈਟ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਰਾਏਦਾਰਾਂ ਦੀ ਪੁਸ਼ਟੀ ਅਤੇ ਪੁਲਸ ਵੈਰੀਫਿਕੇਸ਼ਨ ਕਰਵਾਈ ਗਈ ਸੀ ਜਾਂ ਨਹੀਂ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਪੰਜਾਬ ਪੁਲਸ ਦਾ ਇਹ ਇੱਕ ਸਾਂਝਾ ਆਪਰੇਸ਼ਨ ਸੀ। ਉਨ੍ਹਾਂ ਕਿਹਾ ਕਿ ਜੰਮੂ ਪੁਲਸ ਦੀ ਇਨਪੁੱਟ ਦੇ ਆਧਾਰ 'ਤੇ ਡਰੀਮ ਸਿਟੀ ਦੇ ਇੱਕ ਘਰ 'ਚ ਰੇਡ ਕੀਤੀ ਗਈ, ਜਿੱਥੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੂਰਜਦੀਪ ਸਿੰਘ ਵਾਸੀ ਸ਼ੇਖਪੁਰਾ ਅਤੇ ਹਰਪ੍ਰੀਤ ਸਿੰਘ ਵਾਸੀ ਦੇਵੀਦਾਸਪੁਰਾ ਵਜੋਂ ਹੋਈ ਹੈ। ਪੁਲਸ ਨੇ ਦੋਵਾਂ ਨੌਜਵਾਨਾਂ ਦੀਆਂ ਗੱਡੀਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ।