ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਝਟਕਾ, ਗ੍ਰਿਫਤਾਰੀ ਤੋਂ ਨਹੀਂ ਮਿਲੀ ਰਾਹਤ

ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਝਟਕਾ, ਗ੍ਰਿਫਤਾਰੀ ਤੋਂ ਨਹੀਂ ਮਿਲੀ ਰਾਹਤ

ਦਿੱਲੀ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਹਾਈਕੋਰਟ ਤੋਂ ਝਟਕਾ ਲੱਗਾ ਹੈ। ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਰਾਹਤ ਨਹੀਂ ਮਿਲੀ ਹੈ। ਹਾਈ ਕੋਰਟ ਨੇ ਕੇਜਰੀਵਾਲ ਨੂੰ ਦੰਡਕਾਰੀ ਕਾਰਵਾਈ ਤੋਂ ਕੋਈ ਅੰਤਰਿਮ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿਤਾ। ਅਦਾਲਤ ਨੇ ਕਿਹਾ ਕਿ ਇਸ ਪੜਾਅ 'ਤੇ ਅਸੀਂ ਅੰਤਰਿਮ ਰਾਹਤ ਦੇਣ ਦੇ ਇੱਛੁਕ ਨਹੀਂ ਹਾਂ। ਹਾਲਾਂਕਿ, ਅਦਾਲਤ ਨੇ ਇਸ ਨਵੀਂ ਅੰਤਰਿਮ ਪਟੀਸ਼ਨ 'ਤੇ ਈਡੀ ਤੋਂ ਜਵਾਬ ਮੰਗਿਆ ਅਤੇ ਮਾਮਲੇ ਨੂੰ 22 ਅਪ੍ਰੈਲ, 2024 ਲਈ ਸੂਚੀਬੱਧ ਕੀਤਾ।

ਦਿੱਲੀ ਸ਼ਰਾਬ ਘੁਟਾਲੇ ਵਿਚ ਈਡੀ ਵੱਲੋਂ ਜਾਰੀ 9ਵੇਂ ਸੰਮਨ ਵਿੱਚ ਵੀ ਸੀਐਮ ਕੇਜਰੀਵਾਲ ਪੇਸ਼ ਨਹੀਂ ਹੋਏ। ਕੇਜਰੀਵਾਲ ਨੇ ਇਸ ਸੰਮਨ 'ਤੇ ਸਵਾਲ ਉਠਾਉਂਦੇ ਹੋਏ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਇਸ ਪਟੀਸ਼ਨ 'ਤੇ ਅੱਜ ਹਾਈ ਕੋਰਟ 'ਚ ਸੁਣਵਾਈ ਹੋਈ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜਾਂ ਨੇ ਈਡੀ ਨੂੰ ਕੇਜਰੀਵਾਲ ਦੇ ਖਿਲਾਫ ਸਬੂਤ ਦਿਖਾਉਣ ਲਈ ਕਿਹਾ ਹੈ। ਅਦਾਲਤ ਦੇ ਜੱਜਾਂ ਨੇ ਚੈਂਬਰ ਵਿੱਚ ਈਡੀ ਤੋਂ ਫਾਈਲਾਂ ਮੰਗਵਾਈਆਂ।

ਅਦਾਲਤ ਨੇ ਈਡੀ ਨੂੰ ਇਹ ਵੀ ਪੁੱਛਿਆ ਕਿ ਜਦੋਂ ਉਹ ਸੰਮਨ 'ਤੇ ਪੇਸ਼ ਨਹੀਂ ਹੋਏ ਤਾਂ ਤੁਸੀਂ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ? ਹਾਈਕੋਰਟ ਨੇ ਈਡੀ ਨੂੰ ਪੁੱਛਿਆ - ਤੁਹਾਨੂੰ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਤੋਂ ਕੌਣ ਰੋਕ ਰਿਹਾ ਸੀ, ਜਦੋਂ ਤੁਸੀਂ ਸੰਮਨ ਜਾਰੀ ਕਰ ਰਹੇ ਸੀ ਅਤੇ ਉਹ ਪੇਸ਼ ਨਹੀਂ ਹੋ ਰਹੇ ਸਨ। ਤੁਹਾਨੂੰ ਅਜਿਹੀ ਸਥਿਤੀ ਵਿੱਚ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ।

ਏਐਸਜੀ ਐਸਵੀ ਰਾਜੂ ਨੇ ਜਵਾਬ ਦਿੰਦਿਆਂ ਕਿਹਾ ਕਿ- ਅਸੀਂ ਉਨ੍ਹਾਂ ਨੂੰ ਪੁੱਛ-ਗਿੱਛ ਵਿਚ ਸ਼ਾਮਲ ਹੋਣ ਲਈ ਕਹਿ ਰਹੇ ਸੀ। ਅਸੀਂ ਗ੍ਰਿਫਤਾਰ ਕਰ ਵੀ ਸਕਦੇ ਹਾਂ ਨਹੀਂ ਵੀ। ਦੱਸ ਦੇਈਏ ਕਿ ਈਡੀ ਨੇ ਸੀਐਮ ਕੇਜਰੀਵਾਲ ਨੂੰ ਗ੍ਰਿਫਤਾਰ ਨਾ ਕਰਨ ਦੀ ਸ਼ਰਤ 'ਤੇ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਕੇਜਰੀਵਾਲ ਨੇ ਦਿੱਲੀ ਹਾਈ ਕੋਰਟ ਨੂੰ ED ਨੂੰ ਪੁੱਛ-ਗਿੱਛ ਦੌਰਾਨ ਗ੍ਰਿਫਤਾਰ ਨਾ ਕਰਨ ਦਾ ਹੁਕਮ ਦੇਣ ਲਈ ਕਿਹਾ ਹੈ।