- Updated: October 25, 2025 06:34 PM
ਅੰਮ੍ਰਿਤਸਰ ਦੀ ਮਸ਼ਹੂਰ ਹੈਰੀਟੇਜ ਸਟ੍ਰੀਟ 'ਤੇ ਇੱਕ ਏ.ਐੱਸ.ਆਈ. ਅਤੇ ਨਸ਼ੇ ਦੀ ਹਾਲਤ 'ਚ ਨੌਜਵਾਨ ਵਿਚਾਲੇ ਹੱਥੋਪਾਈ ਹੋ ਗਈ। ਇਹ ਪੂਰਾ ਮਾਮਲਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਾਣਕਾਰੀ ਅਨੁਸਾਰ, ਏ.ਐੱਸ.ਆਈ. ਭੁਪਿੰਦਰ ਸਿੰਘ ਆਪਣੀ ਟੀਮ ਸਮੇਤ ਡਿਊਟੀ 'ਤੇ ਸੀ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਸੜਕ 'ਤੇ ਹੰਗਾਮਾ ਕਰ ਰਿਹਾ ਹੈ। ਪੁਲਸ ਜਦੋਂ ਮੌਕੇ 'ਤੇ ਪਹੁੰਚੀ ਤਾਂ ਉਸ ਨੌਜਵਾਨ ਨੇ ਪੁਲਸ ਕਰਮੀਆਂ ਨਾਲ ਹੀ ਉਲਝਣਾ ਸ਼ੁਰੂ ਕਰ ਦਿੱਤਾ।
ਜਾਣਕਾਰੀ ਅਨੁਸਾਰ, ਨੌਜਵਾਨ ਨੇ ਏ.ਐੱਸ.ਆਈ. ਦਾ ਕਾਲਰ ਅਤੇ ਵਰਦੀ 'ਤੇ ਲੱਗਾ ਸਟਾਰ ਫੜ੍ਹ ਕੇ ਖਿੱਚਿਆ ਅਤੇ ਵਰਦੀ ਪਾੜ ਦਿੱਤੀ। ਇਸ ਤੋਂ ਬਾਅਦ ਦੋਵੇਂ ਪਾਸਿਆਂ ਵਿਚਾਲੇ ਜ਼ਬਰਦਸਤ ਧੱਕਾ ਮੁੱਕੀ ਹੋਈ। ਖੁਦ ਨੂੰ ਛੁਡਾਉਣ ਲਈ ਏ.ਐੱਸ.ਆਈ. ਨੇ ਨੌਜਵਾਨ ਦਾ ਹੱਥ ਮਰੋੜ ਦਿੱਤਾ। ਇਸ ਦੌਰਾਨ ਨੌਜਵਾਨ ਦੇ ਸਿਰ ਵਿਚੋਂ ਖੂਨ ਵੀ ਨਿਕਲ ਰਿਹਾ ਸੀ। ਜਿਸ ਦੀ ਵੀਡੀਓ ਵੀ ਕਾਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪੀ.ਸੀ.ਆਰ. ਰਾਹੀਂ ਜਾਣਕਾਰੀ ਮਿਲੀ ਸੀ ਕਿ ਇੱਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਭੰਨਤੋੜ ਕਰ ਰਿਹਾ ਹੈ। ਉਹਨਾਂ ਕਿਹਾ ਕਿ ਨੌਜਵਾਨ ਮਾਨਸਿਕ ਤੌਰ 'ਤੇ ਵੀ ਸਿਹਤਮੰਦ ਨਹੀਂ ਲੱਗਦਾ ਸੀ ਅਤੇ ਜਦੋਂ ਪੁਲਸ ਪਹੁੰਚੀ, ਉਸਦੇ ਸਿਰ ਵਿਚੋਂ ਪਹਿਲਾਂ ਹੀ ਖੂਨ ਨਿਕਲ ਰਿਹਾ ਸੀ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ।