- Updated: August 08, 2026 02:15 PM
ਮਲੇਰਕੋਟਲਾ ਵਿਖੇ ਕਾਂਗਰਸ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ 'ਚ ਇਕ ਵਾਰ ਫਿਰ ਮਾਹੌਲ ਗਰਮ ਹੋ ਗਿਆ, ਜਦੋਂ ਸਟੇਜ 'ਤੇ ਚੜ੍ਹਨ ਨੂੰ ਲੈ ਕੇ ਪਾਰਟੀ ਦੀਆਂ ਦੋ ਧਿਰਾਂ ਆਪਸ 'ਚ ਭਿੜ ਗਈਆਂ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸਾਬਕਾ ਵਿਧਾਇਕ ਜਸਬੀਰ ਜੱਸੀ ਸਟੇਜ 'ਤੇ ਚੜ੍ਹਨ ਲੱਗੇ ਤਾਂ ਰਜ਼ੀਆ ਸੁਲਤਾਨਾ ਦੇ ਪੱਖ ਦੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਦੋਹਾਂ ਧਿਰਾਂ ਦੇ ਵਰਕਰਾਂ ਨੇ ਆਪਣੇ-ਆਪਣੇ ਆਗੂਆਂ ਦੇ ਹੱਕ 'ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਪ੍ਰੋਗਰਾਮ 'ਚ ਰਾਜਾ ਵੜਿੰਗ ਦੇ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਵੀ ਪੁੱਜੇ ਹੋਏ ਸਨ। ਇਸ ਤੋਂ ਬਾਅਦ ਰਾਜਾ ਵੜਿੰਗ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਰਿਆਂ ਦਾ ਸਟੇਜ 'ਤੇ ਆਉਣਾ ਮੁਮਕਿਨ ਨਹੀਂ ਹੈ ਪਰ ਫਿਰ ਵੀ ਨਾਅਰੇਬਾਜ਼ੀ ਨਾ ਹਟੀ, ਜਿਸ ਤੋਂ ਬਾਅਦ ਮਜਬੂਰ ਹੋ ਕੇ ਰਾਜਾ ਵੜਿੰਗ ਨੂੰ ਸਟੇਜ ਤੋਂ ਹੇਠਾਂ ਆਉਣਾ ਪਿਆ ਅਤੇ ਉਨ੍ਹਾਂ ਨੇ ਵਰਕਰਾਂ ਦੀ ਭੀੜ 'ਚ ਜਾ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ।
ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵਲੋਂ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਕਾਂਗਰਸ ਦੀਆਂ ਮੀਟਿੰਗਾਂ ਦੌਰਾਨ ਅਕਸਰ ਆਪਸੀ ਤਕਰਾਰ ਅਤੇ ਖਿੱਚੋਤਾਣ ਲਗਾਤਾਰ ਸਾਹਮਣੇ ਆ ਰਹੀ ਹੈ।