- Updated: July 08, 2024 03:35 PM
ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ ਦੀ ਕਾਰ 'ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਕੱਪਲ ਦੀ ਕਾਰ ਦੇ ਸ਼ੀਸ਼ੇ ਪੱਥਰ ਮਾਰ ਕੇ ਭੰਨ ਦਿੱਤੇ ਗਏ ਹਨ। ਕਾਰ ਨੂੰ ਲੱਤਾਂ ਮਾਰ-ਮਾਰ ਕੇ ਡੰਟ ਤੱਕ ਪਾ ਦਿੱਤੇ ਗਏ ਹਨ। ਇਹ ਘਟਨਾ ਵੈਸਟ ਹਲਕੇ ਦੇ ਉਜਾਲਾ ਨਗਰ ਵਿਚ ਵਾਪਰੀ। ਕੁੱਲ੍ਹੜ ਪਿੱਜ਼ਾ ਕੱਪਲ ਦੇ ਨਾਂ ਨਾਲ ਮਸ਼ਹੂਰ ਸਹਿਜ ਅਰੋੜਾ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਉਕਤ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਸਹਿਜ ਅਰੋੜਾ ਨੇ ਲਾਈਵ ਹੋ ਕੇ ਕਿਹਾ ਕਿ ਜੇਕਰ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦਾ ਹੈ ਪਰ ਕਾਰ ਗਦੇ ਨਾਲ ਕਿਸੇ ਦੀ ਕੀ ਦੁਸ਼ਮਣੀ ਸੀ। ਸਹਿਜ ਨੇ ਕਿਹਾ ਕਿ ਮੇਰੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਉਸ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਇੱਟਾਂ ਮਾਰ ਕੇ ਡਰਾਈਵਰ ਵਾਲੀ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਗੱਡੀ 'ਤੇ ਲੱਤਾਂ ਮਾਰ ਕੇ ਡੰਟ ਪਾ ਦਿੱਤੇ ਗਏ। ਬਿਨਾਂ ਕਿਸੇ ਕਾਰਨ ਦੇ ਮੇਰੇ ਵਾਹਨ ਨੂੰ ਟਾਰਗੇਟ ਕੀਤਾ ਗਿਆ। ਗਲੀ ਵਿਚ ਹੋਰ ਵੀ ਵਾਹਨ ਖੜ੍ਹੇ ਸਨ ਪਰ ਸਿਰਫ਼ ਗੱਡੀ ਨੂੰ ਹੀ ਨੁਕਸਾਨ ਪਹੁੰਚਾਇਆ ਗਿਆ। ਸਹਿਜ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਹੀ ਗੱਡੀ ਠੀਕ ਕਰਵਾਈ ਸੀ।

ਮਿਲੀ ਜਾਣਕਾਰੀ ਮੁਤਾਬਕ ਘਟਨਾ ਵਾਲੇ ਸਥਾਨ ਦੇ ਨੇੜੇ ਕੋਈ ਸੀ. ਸੀ. ਟੀ. ਵੀ. ਨਹੀਂ ਲੱਗਾ ਸੀ, ਜਿਸ ਕਾਰਨ ਮੁਲਜ਼ਮ ਘਟਨਾ ਨੂੰ ਅੰਜਾਮ ਦੇ ਕੇ ਉਥੋਂ ਫਰਾਰ ਹੋ ਗਿਆ। ਇਸ ਘਟਨਾ ਦੀ ਸੂਚਨਾ ਕੁੱਲੜ੍ਹ ਪਿੱਜ਼ਾ ਜੋੜੇ ਵੱਲੋਂ ਪੁਲਸ ਕੰਟਰੋਲ ਰੂਮ ਨੂੰ ਦਿੱਤੀ ਗਈ ਸੀ। ਸਿਟੀ ਪੁਲਸ ਨੇ ਮਾਮਲੇ ਵਿੱਚ ਸਹਿਜ ਦੇ ਬਿਆਨ ਦਰਜ ਕਰ ਲਏ ਹਨ। ਘਟਨਾ ਵਾਲੀ ਥਾਂ ਤੋਂ ਥੋੜ੍ਹੀ ਦੂਰੀ 'ਤੇ ਲੱਗੇ ਸੀ. ਸੀ. ਟੀ. ਵੀ. ਵੀ ਚੈੱਕ ਕੀਤੇ ਜਾ ਰਹੇ ਹਨ ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ।