- Updated: February 25, 2026 01:16 PM
ਅਮਰੀਕਾ ਤੋਂ ਬੀਤੇ ਦਿਨੀਂ ਆਈ ਇਕ ਖ਼ਬਰ ਨੇ ਸਨਸਨੀ ਫੈਲਾ ਦਿੱਤੀ ਸੀ, ਜਦੋਂ ਕੈਲੀਫੋਰਨੀਆ ਵਿੱਚ ਰਹਿਣ ਵਾਲੇ ਅਵਤਾਰ ਸਿੰਘ (57) ਨੂੰ ਅਣਪਛਾਤੇ ਲੋਕਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਤੇ ਫ਼ਿਰ ਉਨ੍ਹਾਂ ਦੀ ਲਾਸ਼ ਬਰਾਮਦ ਹੋਈ ਸੀ। ਇਸ ਮਾਮਲੇ 'ਚ ਸੈਨ ਜੋਕਿਨ ਕਾਉਂਟੀ ਸ਼ੈਰਿਫ ਦਫਤਰ ਨੇ ਪੁਸ਼ਟੀ ਕੀਤੀ ਹੈ ਕਿ ਅਵਤਾਰ ਸਿੰਘ ਨੂੰ ਜਾਣਬੁੱਝ ਕੇ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ, ਸਗੋਂ ਹਮਲਾਵਰ ਕਿਸੇ ਹੋਰ ਵਿਅਕਤੀ ਦੀ ਭਾਲ ਵਿੱਚ ਸਨ।
ਸ਼ੈਰਿਫ ਪੈਟ੍ਰਿਕ ਵਿਦ੍ਰੋ ਨੇ ਦੱਸਿਆ ਕਿ ਇਹ 'ਗਲਤ ਪਛਾਣ' ਦਾ ਮਾਮਲਾ ਲੱਗਦਾ ਹੈ। ਅਗਵਾਕਾਰ ਕਿਸੇ ਹੋਰ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਆਏ ਸਨ, ਪਰ ਗਲਤੀ ਨਾਲ ਅਵਤਾਰ ਸਿੰਘ ਨੂੰ ਚੁੱਕ ਲਿਆ ਅਤੇ ਬਾਅਦ ਵਿੱਚ ਕਾਰਵਾਈ ਤੋਂ ਬਚਣ ਲਈ ਬਜ਼ੁਰਗ ਦਾ ਕਤਲ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਅਵਤਾਰ ਸਿੰਘ 17 ਫਰਵਰੀ ਨੂੰ ਰਾਤ 9 ਵਜੇ ਦੇ ਕਰੀਬ ਕੈਲੀਫੋਰਨੀਆ ਦੇ ਟ੍ਰੇਸੀ ਸ਼ਹਿਰ ਤੋਂ ਲਾਪਤਾ ਹੋ ਗਏ ਸਨ। ਸੀ.ਸੀ.ਟੀ.ਵੀ. ਫੁਟੇਜ ਵਿੱਚ ਦੇਖਿਆ ਗਿਆ ਕਿ 3 ਅਣਪਛਾਤੇ ਵਿਅਕਤੀ ਉਨ੍ਹਾਂ ਨੂੰ ਇੱਕ ਚਿੱਟੇ ਰੰਗ ਦੀ ਐੱਸ.ਯੂ.ਵੀ. ਵਿੱਚ ਜ਼ਬਰਦਸਤੀ ਬਿਠਾ ਕੇ ਲੈ ਗਏ ਸਨ ਤੇ 20 ਫਰਵਰੀ ਨੂੰ 'ਲੇਕ ਬੇਰੀਏਸਾ' ਨੇੜੇ ਅਵਤਾਰ ਦੀ ਲਾਸ਼ ਬਰਾਮਦ ਹੋਈ ਸੀ।
ਅਵਤਾਰ ਸਿੰਘ ਪਿਛਲੇ 23 ਸਾਲਾਂ ਤੋਂ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਮੁੱਖ ਰਸੋਈਏ ਵਜੋਂ ਸੇਵਾ ਨਿਭਾ ਰਹੇ ਸਨ। ਉਹ ਗੁਰਦੁਆਰਾ ਕੰਪਲੈਕਸ ਵਿੱਚ ਹੀ ਆਪਣੀ ਪਤਨੀ ਅਤੇ ਤਿੰਨ ਛੋਟੇ ਬੱਚਿਆਂ ਨਾਲ ਰਹਿੰਦੇ ਸਨ। ਇਹ ਪਰਿਵਾਰ ਲੁਧਿਆਣਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ ਤੇ ਭਾਈਚਾਰੇ ਦੇ ਲੋਕ ਨੇ ਅਵਤਾਰ ਸਿੰਘ ਨੂੰ ਬਹੁਤ ਹੀ ਨੇਕ ਅਤੇ ਮਿਹਨਤੀ ਇਨਸਾਨ ਦੱਸਦੇ ਹਨ।
ਇਸ ਘਟਨਾ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਵਿੱਚ ਭਾਰੀ ਸੋਗ ਅਤੇ ਡਰ ਦਾ ਮਾਹੌਲ ਹੈ। ਪੁਲਸ ਨੇ ਕਿਹਾ ਹੈ ਕਿ ਉਹ ਅਵਤਾਰ ਸਿੰਘ ਦੇ ਕਾਤਲਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਜਾਂਚ ਦੇ ਹਿੱਤ ਵਿੱਚ ਅਜੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ।