- Updated: July 29, 2024 08:05 AM
ਆਸਟ੍ਰੇਲੀਆਈ ਸੂਬੇ ਵਿਕਟੋਰੀਆ ’ਚ ਪੈਰਾਮੈਡਿਕਸ ਨੂੰ ਧਾਰਮਕ ਆਧਾਰ ’ਤੇ ਵੀ ਦਾੜ੍ਹੀ ਰੱਖਣ ਦੀ ਇਜਾਜ਼ਤ ਨਹੀਂ ਦਿਤੀ ਜਾ ਰਹੀ। ਇਸ ਕਾਰਨ ਸਿੱਖ ਵਿਦਿਆਰਥੀ ਡਾਢੇ ਦੁਖੀ ਹਨ। ਉਨ੍ਹਾਂ ਦੇ ਨਾਲ-ਨਾਲ ਦਾੜ੍ਹੀ ਰੱਖਣ ਵਾਲੇ ਮੁਸਲਮਾਨਾਂ ਤੇ ਯਹੂਦੀਆਂ ਨੂੰ ਵੀ ਇਸ ਸੂਬੇ ਦੇ ਕਾਨੂੰਨ ’ਤੇ ਸਖ਼ਤ ਇਤਰਾਜ਼ ਹੈ।
ਵਿਆਪਕ ਦਬਾਅ ਕਾਰਣ ਉਂਝ ਹੁਣ ‘ਐਂਬੂਲੈਂਸ ਵਿਕਟੋਰੀਆ’ ਅਤੇ ‘ਵਰਕ-ਸੇਫ਼’ ਵਲੋਂ ਮਾਸਕ ਫ਼ਿਟ ਤਕਨੀਕ ਦੇ ਪ੍ਰੀਖਣ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਵਿਕਟੋਰੀਆ ਦੀਆਂ ਐਂਬੂਲੈਂਸਾਂ ’ਚ ਕੰਮ ਕਰਨ ਵਾਲੇ ਸਾਰੇ ਮਰਦਾਂ ਨੂੰ ਹੁਣ ਸ਼ੇਵ ਕਰ ਕੇ ਰੱਖਣ ਦੇ ਹੁਕਮ ਹਨ। ਦਰਅਸਲ ਐਂਬੂਲੈਂਸਾਂ ’ਚ ਕੰਮ ਕਰਦੇ ਪੈਰਾਮੈਡਿਕਸ ਨੂੰ ਅਪਣੇ ਚਿਹਰਿਆਂ ’ਤੇ ਇਕ ਮਾਸਕ ਬਹੁਤ ਸਖ਼ਤੀ ਨਾਲ ਬੰਨ੍ਹਣਾ ਹੁੰਦਾ ਹੈ।
ਨਿਊ ਸਾਊਥ ਵੇਲਜ਼, ਦਖਣੀ ਆਸਟ੍ਰੇਲੀਆ ਤੇ ਪੱਛਮੀ ਆਸਟ੍ਰੇਲੀਆ ’ਚ ਚੰਗੀ ਤਰ੍ਹਾਂ ਦਾੜ੍ਹੀ ਬੰਨ੍ਹ ਕੇ ਆਏ ਸਿੱਖਾਂ ਨੂੰ ਮਾਸਕ ਪਹਿਨਣ ਦੀ ਪੂਰੀ ਆਜ਼ਾਦੀ ਹੈ। ਪਰ ਵਿਕਟੋਰੀਆ ਸੂਬੇ ’ਚ ਅਜਿਹੀ ਪ੍ਰਵਾਨਗੀ ਨਹੀਂ ਹੈ। ਇਸੇ ਲਈ ਇਥੋਂ ਦੇ ਸਿੱਖ ਵਿਦਿਆਰਥੀ ਸੂਬੇ ਦੇ ਕਾਨੂੰਨ ਨੂੰ ਪੱਖਪਾਤੀ ਅਤੇ ਵਿਤਕਰਾਪੂਰਨ ਕਰਾਰ ਦੇ ਰਹੇ ਹਨ।