- Updated: January 28, 2025 12:52 PM
ਸੋਸ਼ਲ ਮੀਡਿਆ ਦੇ ਸਮੇਂ ਜਿੱਥੇ ਲੋਕ ਆਪਣਾ ਹੁਨਰ ਦਿਖਾ ਕੇ ਲੱਖਾਂ ਰੁਪਏ ਕਮਾ ਰਹੇ ਹਨ ਉੱਥੇ ਹੀ ਕੁੱਝ ਗਲਤ ਲੋਕ ਇਸਦਾ ਗਲਤ ਇਸਤੇਮਾਲ ਵੀ ਕਰਦੇ ਨਜ਼ਰ ਆਉਂਦੇ ਹਨ। ਹਰ ਰੋਜ਼ ਨਵੇਂ ਤੋਂ ਨਵਾਂ ਢੰਗ ਲੱਭ ਕੇ ਭੋਲੇ ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਹਨ।
ਤਾਜ਼ਾ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਟ੍ਰੈਫਿਕ ਪੁਲਸ ਦਾ ਮੁਲਾਜ਼ਮ ਇਨ੍ਹਾਂ ਠੱਗਾਂ ਦੀ ਠੱਗੀ ਦਾ ਸ਼ਿਕਾਰ ਹੋ ਗਿਆ। ਟ੍ਰੈਫਿਕ ਪੁਲਸ ਮੁਲਾਜ਼ਮ ਸੁਖਦੇਵ ਸਿੰਘ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇਕ ਕਾਰ ਉਤਰਾਖੰਡ ਨੰਬਰ ਦੀ ਵੇਖੀ ਜਿਸਦਾ ਰੇਟ 45000 ਰੁਪਏ ਸੀ। ਉਨ੍ਹਾਂ ਦੱਸਿਆ ਕਿ ਤਸਵੀਰਾਂ 'ਚ ਗੱਡੀ ਦੇ ਹਾਲਾਤ ਵਧੀਆ ਸੀ ਤਾਂ ਸੰਪਰਕ ਕੀਤਾ ਗਿਆ ਫਿਰ ਤਸਵੀਰਾਂ ਭੇਜਣ ਵਾਲੇ ਨੇ ਉਸ ਨੂੰ ਅਡਵਾਂਸ 2500 ਰੁਪਏ ਦੀ ਮੰਗ ਕੀਤੀ ਅਤੇ 2500 ਰੁਪਏ ਗੂਗਲ ਪੇ ਕੀਤੇ ਗਏ।
2500 ਰੁਪਏ ਤੋਂ ਬਾਅਦ ਉਸਨੇ 21000 ਰੁਪਏ ਦੀ ਮੰਗ ਕੀਤੀ ਕਿ ਗੱਡੀ ਦੇ ਕਾਗਜ਼ ਤੁਹਾਡੇ ਨਾਮ 'ਤੇ ਬਣਨੇ ਹਨ। ਜਿਸ ਤੋਂ ਬਾਅਦ ਉਸਦੀ ਗੱਲਬਾਤ ਦੇ ਢੰਗ ਤੋਂ ਸ਼ੱਕ ਹੋਇਆ ਤਾਂ ਮੈਂ ਪੈਸੇ ਨਹੀਂ ਪਾਏ । ਲਗਾਤਾਰ ਉਸ ਠੱਗ ਵਲੋਂ ਨੰਬਰ ਬਦਲ ਬਦਲ ਕੇ ਵੀ ਫੋਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਠੱਗ ਨੇ ਆਪਣੇ ਵ੍ਹਟਸਐਪ 'ਤੇ ਫੋਟੋ ਸਰਹੱਦ ਉੱਤੇ ਰਾਖੀ ਕਰਦੇ ਫੌਜੀ ਜਵਾਨ ਦੀ ਲਾਈ ਹੋਈ ਸੀ ਤਾਂ ਜੋ ਫੋਨ ਕਰਨ ਵਾਲੇ ਨੂੰ ਲੱਗੇ ਕਿ ਉਹ ਫੌਜ ਵਿਚ ਹੀ ਨੌਕਰੀ ਕਰਦਾ ਹੈ। ਟ੍ਰੈਫਿਕ ਪੁਲਸ ਨੇ ਕਿਹਾ ਕਿ ਮੈਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਅਜਿਹੇ ਠੱਗਾਂ ਕੋਲੋ ਬਚੋ ਮੇਰੇ ਵਾਂਗ ਕਿੱਤੇ ਤੁਸੀਂ ਵੀ ਇਨ੍ਹਾਂ ਦੇ ਸ਼ਿਕਾਰ ਨਾ ਹੋ ਜਾਣਾ।