- Updated: May 17, 2023 07:07 PM
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਲੰਧਰ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਕੀਤੀ ਗਈ। ਇਸ ਕੈਬਨਿਟ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿੱਥੇ ਜਲੰਧਰ ਲਈ 95 ਕਰੋੜ 16 ਲੱਖ ਦੀ ਰਾਸ਼ੀ ਜਾਰੀ ਗਈ, ਉਥੇ ਹੀ ਕਈ ਅਹਿਮ ਫ਼ੈਸਲੇ ਵੀ ਲਏ ਗਏ ਹਨ। ਇਹ ਰਾਸ਼ੀ ਜਲੰਧਰ ਦੇ ਵਿਕਾਸ ਕਾਰਜਾਂ 'ਤੇ ਖ਼ਰਚ ਕੀਤੀ ਜਾਵੇਗੀ। ਕੈਬਨਿਟ ਮੀਟਿੰਗ ਮਗਰੋਂ ਕਲੱਬ ਕਬਾਨਾ ਵਿਚ ਰੱਖੇ ਗਏ 'ਸਰਕਾਰ ਤੁਹਾਡੇ ਦੁਆਰ' ਪ੍ਰੋਗਰਾਮ ਵਿਚ ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਵਿਚ ਬਿਨਾਂ ਸਿਫ਼ਾਰਿਸ਼ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਨੌਕਰੀਆਂ ਲਈ ਤੁਹਾਡੇ ਘਰਾਂ ਵਿਚ ਹੀ ਚਿੱਠੀਆਂ ਆਉਂਣਗੀਆਂ, ਭਾਵੇਂ ਇਕ ਘਰ ਵਿਚ ਤਿੰਨ ਲੋਕਾਂ ਨੂੰ ਹੀ ਕਿਉਂ ਨਾ ਸਰਕਾਰੀ ਨੌਕਰੀ ਮਿਲਣੀ ਹੋਵੇ, ਸਰਕਾਰ ਉਹ ਵੀ ਦੇਵੇਗੀ। ਉਨ੍ਹਾਂ ਕਿਹਾ ਕਿ ਹੁਣ ਇਕ ਸਾਲ ਵਿਚ ਇਕ ਸ਼ਖ਼ਸ਼ ਨੂੰ ਤਿੰਨ-ਤਿੰਨ ਸਰਕਾਰੀ ਨੌਕਰੀਆਂ ਦੇ ਚਾਂਸ ਮਿਲ ਰਹੇ ਹਨ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਸਰਕਾਰ ਈਮਾਨਦਾਰੀ ਹੋਵੇ। ਇਸ ਤੋਂ ਪਹਿਲਾਂ ਕਿਸੇ ਨੌਜਵਾਨ ਨੂੰ ਇਕ ਵੀ ਚਾਂਸ ਨਹੀਂ ਮਿਲਿਆ। ਅੱਗੇ ਬੋਲਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਪਾਰਟੀ ਬਣਨ ਮਗਰੋਂ ਜਲੰਧਰ ਵਾਸੀਆਂ ਨੇ ਸ਼ੁੱਭ ਸ਼ਗਨ ਦਿੱਤਾ ਹੈ। ਜਲੰਧਰ ਵਾਸੀਆਂ ਨੇ ਸਾਡਾ ਹੌਂਸਲਾ ਵਧਾਇਆ ਹੈ। ਹੁਣ ਇਕ-ਇਕ ਵੋਟ ਦਾ ਮੁੱਲ ਮੋੜਨਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਆਦਮਪੁਰ ਸੜਕ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਪੰਜਾਬ ਵਿਚੋਂ ਮਾਫ਼ੀਆ ਰਾਜ ਨੂੰ ਬੰਦ ਕੀਤਾ ਜਾਵੇਗਾ। ਹਰ ਵਿਭਾਗ ਨੂੰ ਪਾਰਦਰਸ਼ੀ ਕਰਾਂਗੇ। ਪੰਜਾਬ ਦੇ ਲੋਕਾਂ 'ਤੇ ਮੈਨੂੰ ਕੋਈ ਸ਼ੱਕ ਨਹੀਂ ਹੈ। ਪੰਜਾਬੀ ਕੌਮ ਮਿਹਨਤੀ ਕੌਮ ਹੈ। ਪਹਿਲਾਂ ਇਹ ਹੁੰਦਾ ਸੀ ਕਿ ਲੀਡਰ ਜਿੱਤ ਸਾਡੇ ਸਨ ਤਾਂ ਲੋਕ ਹਾਰ ਜਾਂਦੇ ਸਨ, ਹੁਣ ਲੋਕ ਜਿੱਤਦੇ ਹਨ ਅਤੇ ਲੀਡਰ ਹਾਰ ਜਾਂਦੇ ਹਨ। ਪੜ੍ਹੇ ਹੋਏ ਬੱਚਿਆਂ ਨੂੰ ਡਿਗਰੀਆਂ ਮੁਤਾਬਕ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਦੀਆਂ ਸਰਕਾਰਾਂ ਸਾਡੇ ਕੰਮਾਂ ਨੂੰ ਫਾਲੋ ਕਰ ਰਹੀਆਂ ਹਨ। ਅਸੀਂ ਜੋ ਜੋ ਨਹੀਂ ਕਿਹਾ ਸੀ ਕਿ ਉਹ ਵੀ ਕੰਮ ਕਰ ਰਹੇ ਹਾਂ। ਸਾਡੇ ਕੋਲ ਬੈਸਟ ਟੀਮ ਹੈ ਅਤੇ ਸਭ ਤੋਂ ਟੀਮ ਵਿਚ ਕੰਮ ਕਰਨ ਵਾਲਿਆਂ ਵਿਚ ਪੰਜਾਬ ਦਾ ਹੁਣ ਨੰਬਰ ਆਉਣ ਲੱਗਾ ਹੈ।
ਭਗਵੰਤ ਮਾਨ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਅਤੇ ਪੰਜਾਬ ਪ੍ਰਧਾਨ ਹੋਣ ਦੇ ਤੌਰ 'ਤੇ ਇਕ ਗੱਲੋਂ ਮੈਂ ਜਨਤਾ ਨੂੰ ਤਸੱਲੀ ਦਿਵਾਉਂਦਾ ਹਾਂ ਕਿ ਤੁਹਾਡਾ ਸਿਰ ਨੀਂਵਾ ਨਹੀਂ ਹੋਣ ਦੇਵਾਂਗੇ। ਇਹੋ ਜਿਹੇ ਫ਼ੈਸਲੇ ਆਉਣਗੇ ਕਿ ਤੁਸੀਂ ਮਾਣ ਨਾਲ ਕਹੋਗੇ ਕਿ ਜੋ ਕੰਮ ਸਰਕਾਰ ਨੇ ਕਿਹਾ ਵੀ ਨਹੀਂ ਸੀ ਤਾਂ ਵੀ ਕਰ ਦਿੱਤਾ। ਅਸੀਂ ਜਿੰਨੇ ਵਾਅਦੇ ਜਨਤਾ ਨਾਲ ਕੀਤੇ ਹਨ, ਉਸ ਤੋਂ ਵੱਧ ਕੰਮ ਕਰਕੇ ਵਿਖਾਂਵਾਗੇ।