- Updated: December 15, 2023 01:58 PM
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂ ਭਜਨ ਲਾਲ ਸ਼ਰਮਾ ਨੇ ਸ਼ੁਕਰਵਾਰ ਨੂੰ ਇਥੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਕਲਰਾਜ ਮਿਸ਼ਰਾ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਇਤਿਹਾਸਕ ਅਲਬਰਟ ਹਾਲ ਦੇ ਸਾਹਮਣੇ ਹੋਏ ਸਹੁੰ ਚੁੱਕ ਸਮਾਗਮ ਵਿਚ ਰਾਜਪਾਲ ਮਿਸ਼ਰਾ ਨੇ ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਨੂੰ ਮੰਤਰੀਆਂ ਅਹੁਦੇ ਦੀ ਸਹੁੰ ਚੁਕਾਈ, ਇਨ੍ਹਾਂ ਦੋਹਾਂ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ। ਅੱਜ ਭਜਨ ਲਾਲ ਸ਼ਰਮਾ (57) ਦਾ ਜਨਮ ਦਿਨ ਵੀ ਹੈ। ਮੁੱਖ ਮੰਤਰੀ ਅਤੇ ਦੋਵਾਂ ਉਪ ਮੁੱਖ ਮੰਤਰੀਆਂ ਨੇ ਹਿੰਦੀ ਭਾਸ਼ਾ ਵਿਚ ਸਹੁੰ ਚੁੱਕੀ। ਸਖ਼ਤ ਸੁਰੱਖਿਆ ਵਿਚਕਾਰ ਆਯੋਜਤ ਸਮਾਰੋਹ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇਪੀ ਨੱਡਾ ਵੀ ਮੌਜੂਦ ਸਨ। ਇਸ ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਵੀ ਸ਼ਿਰਕਤ ਕੀਤੀ।
ਇਸ ਸਮਾਗਮ ਲਈ ਰਾਜਧਾਨੀ ਦੀਆਂ ਮੁੱਖ ਸੜਕਾਂ ਅਤੇ ਪ੍ਰਵੇਸ਼ ਮਾਰਗਾਂ ਨੂੰ ਖ਼ਾਸ ਤੌਰ ’ਤੇ ਸਜਾਇਆ ਗਿਆ ਸੀ। ਇਨ੍ਹਾਂ ਵਿਚ ਭਾਜਪਾ ਦੇ ਝੰਡਿਆਂ ਅਤੇ ਕੇਂਦਰ ਸਰਕਾਰ ਦੀਆਂ ਭਲਾਈ ਸਕੀਮਾਂ ਵਾਲੇ ਪੋਸਟਰ ਅਤੇ ਬੈਨਰ ਵੀ ਲਗਾਏ ਗਏ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਈ ਜਿਸ ਵਿਚ ਭਜਨ ਲਾਲ ਸ਼ਰਮਾ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਅਤੇ ਵਿਧਾਇਕ ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਨੂੰ ਉਪ ਮੁੱਖ ਮੰਤਰੀ ਅਤੇ ਵਾਸੂਦੇਵ ਦੇਵਨਾਨੀ ਨੂੰ ਰਾਜਸਥਾਨ ਵਿਧਾਨ ਸਭਾ ਦਾ ਸਪੀਕਰ ਨਿਯੁਕਤ ਕੀਤਾ ਗਿਆ। ਸੂਬੇ ਵਿਚ ਹੋਈਆਂ ਚੋਣਾਂ ਦੌਰਾਨ 199 ਵਿਚੋਂ ਭਾਜਪਾ ਨੇ 115 ਸੀਟਾਂ ਜਿੱਤੀਆਂ ਹਨ।