ਪ੍ਰਤਾਪ ਬਾਜਵਾ ਦੇ ਘਰੋਂ ਨਿਕਲਣ ਮਗਰੋਂ ਭੁਪੇਸ਼ ਬਘੇਲ ਦਾ ਵੱਡਾ ਬਿਆਨ, ਕਿਹਾ– ‘ਮੈਂ ਸਾਰਿਆਂ ਨਾਲ ਮੁਲਾਕਾਤ ਕਰਾਂਗਾ’

ਪ੍ਰਤਾਪ ਬਾਜਵਾ ਦੇ ਘਰੋਂ ਨਿਕਲਣ ਮਗਰੋਂ ਭੁਪੇਸ਼ ਬਘੇਲ ਦਾ ਵੱਡਾ ਬਿਆਨ, ਕਿਹਾ– ‘ਮੈਂ ਸਾਰਿਆਂ ਨਾਲ ਮੁਲਾਕਾਤ ਕਰਾਂਗਾ’

ਪੰਜਾਬ ਵਿਚ ਚੱਲ ਰਹੀ ਹਲਚਲ ਵਿਚਾਲੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਪੰਜਾਬ ਦੇ ਇੰਚਾਰਜ ਜਨਰਲ ਸਕੱਤਰ ਭੁਪੇਸ਼ ਬਘੇਲ, ਸੋਮਵਾਰ ਨੂੰ ਚੰਡੀਗੜ੍ਹ ਪਹੁੰਚੇ। ਚੰਡੀਗੜ੍ਹ ਪਹੁੰਚਣ ‘ਤੇ ਬਘੇਲ ਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (ਪੀਪੀਸੀਸੀ) ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਣੇ ਪਾਰਟੀ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਚੰਨੀ ਸਮਰਥਕਾਂ ਨੇ ਬਘੇਲ ਨੂੰ ਰਿਸੀਵ ਤੱਕ ਨਹੀਂ ਕੀਤਾ। ਭੁਪੇਸ਼ ਬਘੇਲ ਚੰਡੀਗੜ੍ਹ ਸਥਿਤ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਘਰ ਪਹੁੰਚੇ। ਉਨ੍ਹਾਂ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਵੀ ਸਨ, ਜੋਕਿ ਚੰਨੀ ਦਾ ਸਮਰਥਨ ਕਰਦੇ ਹਨ। ਬਾਜਵਾ ਦੇ ਘਰੋਂ ਨਿਕਲਣ ਮਗਰੋਂ ਬਘੇਲ ਨੇ ਕਿਹਾ ਕਿ ਕਿ ਮੈਂ ਪੰਜ ਦਿਨਾਂ ਦੇ ਦੌਰੇ ‘ਤੇ ਪੰਜਾਬ ਵਿੱਚ ਹਾਂ… ਵੱਖ-ਵੱਖ ਬਣਾਈਆਂ ਗਈਆਂ ਕਮੇਟੀਆਂ ਦੀਆਂ ਮੀਟਿੰਗਾਂ ਹੋਣਗੀਆਂ… ਅਸੀਂ ਸਾਰੇ ਰਾਜ ਚੋਣਾਂ ਲਈ ਤਿਆਰ ਹਾਂ…।” ਇਸ ਤੋਂ ਇਲਾਵਾ, ਉਨ੍ਹਾਂ ਕਿਹਾ, “…ਮੈਂ ਇੱਕ-ਦੋ ਦਿਨਾਂ ‘ਚ ਸਾਰੇ ਪਾਰਟੀ ਆਗੂਆਂ ਨਾਲ ਮੁਲਾਕਾਤ ਕਰਾਂਗਾ।”

ਇੰਚਾਰਜ ਦੇ ਆਉਣ ਤੋਂ ਪਹਿਲਾਂ ਚੰਨੀ ਨੇ ਮੋਹਾਲੀ ਵਿੱਚ ਆਪਣੇ ਸਮਰਥਕ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਇੰਚਾਰਜ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਗਿਆ। ਚੰਨੀ ਨੇ ਸੋਸ਼ਲ ਮੀਡੀਆ ‘ਤੇ ਇਹ ਵੀ ਲਿਖਿਆ ਕਿ ਇਹ ਮੋਰਿੰਡਾ ਵਿੱਚ ਹੋਈ ਪਹਿਲੀ ਮੀਟਿੰਗ ਦਾ ਹੀ ਇੱਕ ਸਿਲਸਿਲਾ ਹੈ। ਕਾਂਗਰਸ ਹਾਈਕਮਾਨ ਨੇ ਬਗਾਵਤ ਨੂੰ ਦਬਾਉਣ ਲਈ ਬਘੇਲ ਨੂੰ ਪੰਜ ਦਿਨਾਂ ਲਈ ਪੰਜਾਬ ਭੇਜਿਆ ਹੈ। ਉਹ ਦੋਵਾਂ ਧੜਿਆਂ ਨਾਲ ਮੁਲਾਕਾਤ ਕਰਨ ਲਈ ਚੰਡੀਗੜ੍ਹ ਆਏ ਹਨ। ਉਨ੍ਹਾਂ ਕਿਹਾ ਕਿ ਉਹ ਇੱਕ-ਦੋ ਦਿਨਾਂ ਵਿੱਚ ਸਾਰਿਆਂ ਨਾਲ ਗੱਲ ਕਰਨਗੇ।

ਇਸ ਦੌਰਾਨ ਸੂਤਰਾਂ ਤੋਂ ਸਾਹਮਣੇ ਆਈ ਖਬਰ ਮੁਤਾਬਕ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਸਹਿਯੋਗੀ ਕਈ ਆਗੂ ਕਥਿਤ ਤੌਰ ‘ਤੇ ਕਾਂਗਰਸ ਹਾਈਕਮਾਨ ਨਾਲ ਮੀਟਿੰਗ ਕਰਨ ਲਈ ਨਵੀਂ ਦਿੱਲੀ ਰਵਾਨਾ ਹੋ ਰਹੇ ਹਨ ਅਤੇ ਭੁਪੇਸ਼ ਬਘੇਲ ਵੱਲੋਂ ਬੁਲਾਈ ਗਈ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।