- Updated: July 11, 2026 02:32 PM
ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਨਾਲ ਚਰਨਜੀਤ ਸਿੰਘ ਚੰਨੀ ਧੜੇ ਦੀ ਲਗਾਤਾਰ 2 ਘੰਟੇ ਚੱਲੀ ਮੀਟਿੰਗ ਖ਼ਤਮ ਹੋ ਗਈ ਹੈ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਭੂਪੇਸ਼ ਬਘੇਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੋਈ ਨਾਰਾਜ਼ ਨਹੀਂ ਹੈ। ਸਾਰੇ ਹਾਈਕਮਾਨ ਦੇ ਫ਼ੈਸਲੇ ਦੇ ਨਾਲ ਹਨ ਅਤੇ ਹਾਈਕਮਾਨ ਦੇ ਫ਼ੈਸਲੇ ਤੋਂ ਕਿਸੇ ਨੂੰ ਕੋਈ ਨਾਰਾਜ਼ਗੀ ਨਹੀਂ ਹੈ। ਹਾਲਾਂਕਿ ਇਸ ਦੌਰਾਨ ਚਰਨਜੀਤ ਸਿੰਘ ਚੰਨੀ ਵਲੋਂ ਮੀਟਿੰਗ ਲਈ ਦਿੱਤੇ ਗਏ ਸੱਦੇ ਬਾਰੇ ਉਨ੍ਹਾਂ ਨੇ ਇੱਕੋ ਗੱਲ ਕਹੀ ਕਿ ਉਨ੍ਹਾਂ ਨੂੰ ਰਾਣਾ ਗੁਰਜੀਤ ਨੇ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਉਹ ਸਾਰੇ ਆਗੂਆਂ ਦੀ ਗੱਲ ਹਾਈਕਮਾਨ ਤੱਕ ਪਹੁੰਚਾਉਣਗੇ। ਇਸ ਦੇ ਨਾਲ ਹੀ ਟਿਕਟਾਂ ਦੀ ਵੰਡ ਨੂੰ ਲੈ ਕੇ ਉਨ੍ਹਾਂ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜਿੱਤਣ ਦੇ ਲਾਇਕ ਸਾਰੇ ਆਗੂਆਂ ਨੂੰ ਟਿਕਟ ਦਿੱਤੀ ਜਾਵੇਗੀ। ਭੂਪੇਸ਼ ਬਘੇਲ ਨੇ ਇਹ ਵੀ ਕਿਹਾ ਕਿ ਮੀਟਿੰਗ ਦੌਰਾਨ ਜੋ ਵੀ ਸੁਝਾਅ ਅਤੇ ਚਿੰਤਾਵਾਂ ਸਾਹਮਣੇ ਆਈਆਂ ਹਨ, ਉਹ ਉਨ੍ਹਾਂ ਨੂੰ ਪਾਰਟੀ ਹਾਈਕਮਾਨ ਤੱਕ ਜ਼ਰੂਰ ਪਹੁੰਚਾਉਣਗੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪਾਰਟੀ ਵਿੱਚ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਜਾਂ ਵਿਵਾਦ ਵਾਲੀ ਕੋਈ ਗੱਲ ਨਹੀਂ ਹੈ ਅਤੇ ਸਾਰੇ ਆਗੂ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ।
ਹਾਲਾਂਕਿ ਸੂਤਰਾਂ ਦੇ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਇਸ ਮੀਟਿੰਗ ਦੌਰਾਨ ਚਰਨਜੀਤ ਸਿੰਘ ਚੰਨੀ ਧੜੇ ਵਲੋਂ 2 ਸ਼ਰਤਾਂ ਰੱਖੀਆਂ ਗਈਆਂ ਹਨ। ਚੰਨੀ ਧੜੇ ਵਲੋਂ ਪਹਿਲੀ ਸ਼ਰਤ ਰੱਖੀ ਗਈ ਹੈ ਕਿ ਜਾਂ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦੇ ਅਹੁਦੇ ਤੋਂ ਹਟਾਇਆ ਜਾਵੇ ਜਾਂ ਫਿਰ ਚਰਨਜੀਤ ਸਿੰਘ ਚੰਨੀ ਨੂੰ ਹੀ ਮੁੱਖ ਮੰਤਰੀ ਚਿਹਰਾ ਐਲਾਨ ਕੇ ਵਿਧਾਨ ਸਭਾ ਚੋਣਾਂ ਲੜੀਆਂ ਜਾਣ। ਇਸ ਦੌਰਾਨ ਟਿਕਟ ਵੰਡਣ ਦੌਰਾਨ ਵੀ ਚੰਨੀ ਦੀ ਰਾਏ ਨੂੰ ਤਰਜ਼ੀਹ ਦਿੱਤੀ ਜਾਵੇ।
ਸੂਤਰਾਂ ਦੇ ਮੁਤਾਬਕ ਭੂਪੇਸ਼ ਬਘੇਲ ਨੇ ਚੰਨੀ ਧੜੇ ਦੀਆਂ ਦੋਹਾਂ ਹੀ ਸ਼ਰਤਾਂ 'ਤੇ ਅਸਹਿਮਤੀ ਜਤਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸਭ ਕੁੱਝ ਸਿਰਫ ਹਾਈਕਮਾਨ ਹੀ ਤੈਅ ਕਰ ਸਕਦਾ ਹੈ ਅਤੇ ਉਨ੍ਹਾਂ ਕੋਲ ਅਜਿਹਾ ਕੋਈ ਅਧਿਕਾਰ ਨਹੀਂ ਹੈ। ਬਘੇਲ ਨੇ ਕਿਹਾ ਕਿ ਉਹ ਸਿਰਫ ਚੰਨੀ ਧੜੇ ਦੀ ਰਾਏ ਹੀ ਹਾਈਕਮਾਨ ਤੱਕ ਪਹੁੰਚਾ ਸਕਦੇ ਹਨ, ਜਿਸ ਤੋਂ ਬਾਅਦ ਹਾਈਕਮਾਨ ਹੀ ਇਸ ਤਰ੍ਹਾਂ ਦੀਆਂ ਸ਼ਰਤਾਂ 'ਤੇ ਕੋਈ ਫ਼ੈਸਲਾ ਲੈ ਸਕਦੀ ਹੈ।