- Updated: July 16, 2023 03:16 PM
ਸਾਬਕਾ ਕੈਬਨਿਟ ਮੰਤਰੀ ਤੇ ਬਟਾਲਾ ਤੋਂ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਅਸ਼ਵਨੀ ਸੇਖੜੀ (Ashwani Sekhri) ਆਪਣੇ ਪਰਿਵਾਰ ਸਮੇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਜਾ ਕੇ ਭਾਜਪਾ 'ਚ ਸ਼ਾਮਲ ਹੋ ਗਏ। ਸੇਖੜੀ ਨੇ ਕਿਹਾ ਕਿ ਮੈਨੂੰ ਜੋ ਵੀ ਜ਼ਿੰਮੇਵਾਰੀ ਦਿੱਤੀ ਗਈ ਹੈ, ਮੈਂ ਉਸ ਨੂੰ ਪੂਰਾ ਕਰਾਂਗਾ, ਜੋ ਵੀ ਕੰਮ ਦਿੱਤਾ ਜਾਵੇਗਾ, ਮੈਂ ਉਸ ਨੂੰ ਬਾਖੂਬੀ ਨਿਭਾਵਾਂਗਾ।ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸੂਬੇ 'ਚ ਭਾਜਪਾ ਦੀ ਸਰਕਾਰ ਲਿਆਉਣੀ ਪਵੇਗੀ। ਦੇਸ਼ ਭਰ ਵਿਚ ਕਾਂਗਰਸ ਦਾ ਆਧਾਰ ਖ਼ਤਮ ਹੋ ਚੁੱਕਾ ਹੈ ਅਤੇ ਕਈ ਪ੍ਰਮੁੱਖ ਆਗੂ ਪਹਿਲਾਂ ਹੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।

ਜ਼ਿਕਰਯੋਗ ਕਿ ਕਾਂਗਰਸ ਦੇ ਕਈ ਸੀਨੀਅਰ ਆਗੂ ਪਹਿਲਾਂ ਹੀ ਭਾਜਪਾ ਵਿਚ ਸ਼ਾਮਲ ਹੋ ਚੁੱਕੇ ਹਨ ਅਤੇ ਹੁਣ ਇਸ ਧੜੇ ਨੇ ਪੰਜਾਬ ਇਕਾਈ ‘ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਕਾਂਗਰਸ ਦੇ ਸੀਨੀਅਰ ਆਗੂ ਸਨ। ਉਨ੍ਹਾਂ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ, ਬਲਬੀਰ ਸਿੰਘ ਸਿੱਧੂ, ਰਾਣਾ ਸੋਢੀ, ਰਾਜ ਕੁਮਾਰ ਅਤੇ ਹੋਰ ਕਈ ਪਹਿਲਾਂ ਹੀ ਭਾਜਪਾ ਦਾ ਹਿੱਸਾ ਹਨ।
ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਹੋਏ ਧੜੇਬੰਦੀ ਦਾ ਸ਼ਿਕਾਰ
ਅਸ਼ਵਨੀ ਸੇਖੜੀ ਕਾਂਗਰਸ ਹਾਈਕਮਾਂਡ ਦੇ ਕਈ ਵੱਡੇ ਆਗੂਆਂ ਦੇ ਕਰੀਬੀ ਰਹੇ ਹਨ, ਪਰ ਹਮੇਸ਼ਾ ਆਪਣੇ ਹੀ ਇਲਾਕੇ 'ਚ ਆਪਣੀ ਹੀ ਪਾਰਟੀ ਆਗੂਆਂ ਦੇ ਨਿਸ਼ਾਨੇ 'ਤੇ ਰਹੇ। ਜਿਸ ਕਾਰਨ ਉਹ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਸ਼ਾਮਲ ਹੋਣ ਦੀ ਚਰਚਾ 'ਚ ਰਹੇ ਸਨ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੇਖੜੀ ਨੂੰ ਬਟਾਲਾ ਵਿਧਾਨ ਸਭਾ ਸੀਟ ਤੋਂ ਟਿਕਟ ਲੈਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ, ਪਰ ਪਾਰਟੀ ਵਿੱਚ ਧੜੇਬੰਦੀ ਕਾਰਨ ਸੇਖੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਕੈਪਟਨ ਦੇ ਨੇੜੇ ਰਹੇ, ਨਵਜੋਤ ਸਿੱਧੂ ਦਾ ਦਿੱਤਾ ਸਾਥ
ਅਸ਼ਵਨੀ ਸੇਖੜੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਰਹੇ ਸਨ, ਪਰ ਬਾਅਦ ਵਿਚ ਜਦੋਂ ਨਵਜੋਤ ਸਿੰਘ ਸਿੱਧੂ ਨੇ ਪੰਜਾਬ 'ਚ ਆਪਣਾ ਧੜਾ ਬਣਾ ਲਿਆ ਤਾਂ ਸੇਖੜੀ ਨੇ ਸਿੱਧੂ ਦਾ ਸਾਥ ਦਿੱਤਾ। ਪਿਛਲੀ ਕਾਂਗਰਸ ਸਰਕਾਰ ਵੇਲੇ ਸੇਖੜੀ ਤੇ ਤ੍ਰਿਪਤ ਬਾਜਵਾ ਇਕ-ਦੂਸਰੇ ਦੇ ਵਿਰੋਧੀ ਰਹੇ ਸਨ। ਇਸ ਦੌਰਾਨ ਸੇਖੜੀ ਤ੍ਰਿਪਤ ਬਾਜਵਾ ਨੂੰ ਤਾਲਿਬਾਨ ਕਹਿ ਕੇ ਸੰਬੋਧਨ ਕਰਦੇ ਰਹੇ ਹਨ ਤੇ ਤ੍ਰਿਪਤ ਬਾਜਵਾ ਤੋਂ ਆਪਣੀ ਤੇ ਪਰਿਵਾਰ ਦੀ ਜਾਨ ਨੂੰ ਖ਼ਤਰਾ ਵੀ ਦੱਸਦੇ ਰਹੇ ਹਨ।