ਪੰਜਾਬ ''ਚ ਗੋਲ਼ੀ ਮਾਰ ਕੇ ਸਾਬਕਾ ਸਰਪੰਚ ਦੇ ਪੁੱਤਰ ਦਾ ਹੋਇਆ ਕਤਲ

ਪੰਜਾਬ ''ਚ ਗੋਲ਼ੀ ਮਾਰ ਕੇ ਸਾਬਕਾ ਸਰਪੰਚ ਦੇ ਪੁੱਤਰ ਦਾ ਹੋਇਆ ਕਤਲ

ਬਰਨਾਲਾ ਦੇ ਸ਼ਹਿਣਾ ਦੀ ਸਾਬਕਾ ਸਰਪੰਚ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਪਿੰਡ ਦੇ ਬੱਸ ਸਟੈਂਡ 'ਚ ਪ੍ਰਪਾਰਟੀ ਡੀਲਰ ਦੀ ਦੁਕਾਨ ਵਿਚ ਵਾਪਰੀ ਹੈ। ਦੱਸ ਦਈਏ ਕਿ ਸੁਖਵਿੰਦਰ ਸਿੰਘ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਦਾ ਹਿੱਸਾ ਸੀ, ਪਰ ਕੁਝ ਦੇਰ ਪਹਿਲਾਂ ਹੀ ਉਹ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਨਾਲ ਕੰਮ ਕਰ ਰਿਹਾ ਸੀ। ਫ਼ਿਲਹਾਲ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਇਹ ਘਟਨਾ ਸ਼ਹਿਣਾ ਬੱਸ ਸਟੈਂਡ 'ਤੇ ਸਥਿਤ ਇਕ ਪ੍ਰਾਪਰਟੀ ਡੀਲਰ ਦੀ ਦੁਕਾਨ ਵਿਚ ਵਾਪਰੀ। ਜਿਸ ਵੇਲੇ ਸੁਖਵਿੰਦਰ ਸਿੰਘ ਕਲਕੱਤਾ ਦੁਕਾਨ ਅੰਦਰ ਕੁਰਸੀ 'ਤੇ ਬੈਠਾ ਸੀ, ਉਸੇ ਵੇਲੇ ਹਮਲਾਵਰ ਅੰਦਰ ਦਾਖਲ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਕੁਰਸੀ 'ਤੇ ਬੈਠੇ ਨੂੰ ਹੀ ਗੋਲੀਆਂ ਮਾਰ ਦਿੱਤੀਆਂ ਅਤੇ ਫ਼ਰਾਰ ਹੋ ਗਿਆ। ਗੰਭੀਰ ਸੱਟਾਂ ਕਾਰਨ ਸੁਖਵਿੰਦਰ ਸਿੰਘ ਕਲਕੱਤਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੁਖਵਿੰਦਰ ਸਿੰਘ ਕਲਕੱਤਾ ਉਸ ਵੇਲੇ ਚਰਚਾ ਵਿੱਚ ਆਇਆ ਸੀ, ਜਦੋਂ ਪੰਚਾਇਤ ਦੀ ਪਿਛਲੀ ਟਰਮ ਦੌਰਾਨ ਉਸ ਦੀ ਮਾਤਾ ਪਿੰਡ ਸ਼ਹਿਣਾ ਦੀ ਸਰਪੰਚ ਬਣੀ ਸੀ।