ਲੋਹੜੀ ਵਾਲੇ ਦਿਨ ਪੰਜਾਬ ਦੀ ਗੁਰੂ ਨਗਰੀ ''ਚ ਚੱਲ ਗਈਆਂ ਤਲਵਾਰਾਂ 

 ਲੋਹੜੀ ਵਾਲੇ ਦਿਨ ਪੰਜਾਬ ਦੀ ਗੁਰੂ ਨਗਰੀ ''ਚ ਚੱਲ ਗਈਆਂ ਤਲਵਾਰਾਂ 

ਪੰਜਾਬ 'ਚ ਖ਼ੌਫ਼ਨਾਕ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਇਸੇ ਦੌਰਾਨ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਵਿਅਕਤੀ ਦਾ ਕਿਰਪਾਨਾਂ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।

ਸਥਾਨਕ ਚੌਂਕੀ ਇੰਚਾਰਜ ਸਬ ਇੰਸਪੈਕਟਰ ਗੁਰਮੁੱਖ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਚਰਨ ਗੰਗਾ ਪੁਲ ਤੋਂ ਮੰਦਰ ਸ੍ਰੀ ਨੈਣਾ ਦੇਵੀ ਸੜਕ ਦੇ ਸੱਜੇ ਪਾਸੇ ਬਣੀਆਂ ਝੁੱਗੀਆਂ ਵਿੱਚ ਅੱਜ ਤੜਕੇ 6 ਵਜੇ ਦੇ ਕਰੀਬ ਜਸਵਿੰਦਰ ਸਿੰਘ ਉਰਫ ਕਾਲਾ ਘੈਂਟ ਪੁੱਤਰ ਮਿਲਖਾ ਸਿੰਘ ਪਿੰਡ ਚੰਨਣਕੇ, ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਅਤੇ ਉਸ ਦੇ ਇੱਕ ਹੋਰ ਅਣਪਛਾਤੇ ਸਾਥੀ ਵੱਲੋਂ ਆਪਣੇ ਹੀ ਇੱਕ ਸਾਥੀ ਰਾਧੇ ਕ੍ਰਿਸ਼ਨ ਪੁੱਤਰ ਰੰਗੀ ਰਾਮ ਵਾਸੀ ਪਿੰਡ ਡੱਬਟ, ਥਾਣਾ ਕੋਟ ਕਹਿਲੂਰ ਜ਼ਿਲ੍ਹਾ ਬਿਲਾਸਪੁਰ, ਹਿਮਾਚਲ ਪ੍ਰਦੇਸ ਨੂੰ ਕਿਸੇ ਗੱਲੋਂ ਕਿਰਪਾਨਾਂ ਮਾਰ ਦਿੱਤੀਆਂ।

ਜ਼ਖ਼ਮੀ ਹੋਏ ਰਾਧੇ ਕ੍ਰਿਸ਼ਨ ਨੂੰ ਨੇੜਲੇ ਕੁਝ ਲੋਕਾਂ ਵੱਲੋਂ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਚੌਂਕੀ ਇੰਚਾਰਜ ਗੁਰਮੁਖ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਜਸਵਿੰਦਰ ਸਿੰਘ ਉਰਫ਼ ਕਾਲਾ ਘੈਂਟ ਅਤੇ ਉਸ ਦੇ ਅਣਪਛਾਤੇ ਸਾਥੀ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਤਲ ਦੀ ਤਫਤੀਸ਼ ਕਰਨ ਲਈ ਪੁਲਸ ਦੀ ਫੋਰੈਂਸਿਕ ਟੀਮ ਵੀ ਮੌਕੇ 'ਤੇ ਪਹੁੰਚੀ ਹੋਈ ਸੀ।