- Updated: September 14, 2023 10:30 AM
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਨਾਲ ਐਨਕਾਊਂਟਰ ਦੌਰਾਨ 3 ਵੱਡੇ ਅਫ਼ਸਰ ਸ਼ਹੀਦ ਹੋ ਗਏ ਹਨ। ਦੇਸ਼ ਲਈ ਸ਼ਹੀਦ ਹੋਏ ਇਨ੍ਹਾਂ ਅਫ਼ਸਰਾਂ 'ਚ ਇਕ ਫ਼ੌਜ ਦਾ ਕਰਨਲ, ਇਕ ਮੇਜਰ ਅਤੇ ਪੁਲਸ ਦਾ ਇਕ ਡੀ. ਐੱਸ. ਪੀ. ਸ਼ਾਮਲ ਹੈ। ਇਨ੍ਹਾਂ 'ਚ ਕਰਨਲ ਮਨਪ੍ਰੀਤ ਸਿੰਘ ਮੋਹਾਲੀ ਦੇ ਰਹਿਣ ਵਾਲੇ ਹਨ, ਜਦੋਂ ਕਿ ਮੇਜਰ ਅਸ਼ੀਸ਼ ਧੌਂਕ ਪਾਣੀਪਤ ਨਾਲ ਸਬੰਧਿਤ ਹਨ।
ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਦੇ ਡੀ. ਐੱਸ. ਪੀ. ਹਮਾਂਯੂ ਭੱਟ ਵੀ ਇਸ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਹਨ। ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਸਰਚ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਕਰ ਦਿੱਤੀ ਅਤੇ ਦੇਰ ਰਾਤ ਤੱਕ ਮੁਕਾਬਲਾ ਚੱਲਿਆ। ਇਸ ਦੌਰਾਨ ਕਰਨਲ ਮਨਪ੍ਰੀਤ ਸਿੰਘ, ਮੇਜਰ ਆਸ਼ੀਸ਼ ਧੌਂਕ ਅਤੇ ਡੀ. ਐੱਸ. ਪੀ. ਹਮਾਂਯੂ ਭੱਟ ਸ਼ਹੀਦ ਹੋ ਗਏ।
ਇਸ ਖ਼ਤਰਨਾਕ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਰੈਜੀਸਟੈਂਟ ਫਰੰਟ ਨੇ ਲਈ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਉਹੀ ਅੱਤਵਾਦੀ ਹਨ, ਜਿਨ੍ਹਾਂ ਨਾਲ 4 ਅਗਸਤ ਨੂੰ ਕੁਲਗਾਮ ਦੇ ਜੰਗਲ 'ਚ ਮੁਕਾਬਲੇ ਦੌਰਾਨ 3 ਜਵਾਨ ਸ਼ਹੀਦ ਹੋ ਗਏ ਸਨ।
ਇਸ ਘਟਨਾ ਮਗਰੋਂ ਮੁੱਖ ਮੰਤਰੀ ਮਨੋਹਰ ਲਾਲ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਸ਼ਹੀਦ ਮੇਜਰ ਆਸ਼ੀਸ਼ ਦਾ ਪਰਿਵਾਰ ਪਾਨੀਪਤ 'ਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। 6 ਮਹੀਨੇ ਪਹਿਲਾਂ ਉਹ ਵਿਆਹ ਦੀ ਛੁੱਟੀ ਲੈ ਕੇ ਘਰ ਆਏ ਸਨ।ਮੁੱਖ ਮੰਤਰੀ ਨੇ ਐਕਸ 'ਤੇ ਲਿਖਿਆ ਪਾਨੀਪਤ ਦੇ ਲਾਲ, ਮੇਜਰ ਆਸ਼ੀਸ਼ ਕਸ਼ਮੀਰ 'ਚ ਅੱਤਵਾਦੀਆਂ ਦੇ ਮਨਸੂਬਿਆਂ ਨੂੰ ਢਹਿ-ਢੇਰੀ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਏ। ਉਨ੍ਹਾਂ ਦੀ ਇਸ ਸ਼ਹਾਦਤ ਨੂੰ ਮੈਂ ਕੋਟਿ-ਕੋਟਿ ਨਮਨ ਕਰਦਾ ਹਾਂ। ਰਾਸ਼ਟਰ ਦੀ ਰਾਖੀ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਇਸ ਉੱਚ ਬਲੀਦਾਨ ਨੂੰ ਦੇਸ਼ ਵਾਸੀ ਹਮੇਸ਼ਾ ਯਾਦ ਰੱਖਣਗੇ। ਇਸ ਮੁਸ਼ਕਲ ਸਮੇਂ 'ਚ ਪੂਰਾ ਦੇਸ਼ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹਾ ਹੈ।

CM ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ,”ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੀਤੀ ਸ਼ਾਮ ਹੋਏ ਅੱਤਵਾਦੀ ਹਮਲੇ ਦੀ ਖ਼ਬਰ ਸੁਣ ਕੇ ਦੁੱਖ ਹੋਇਆ…ਹਮਲੇ ਦੌਰਾਨ ਭਾਰਤੀ ਫੌਜ ‘ਚ ਕਰਨਲ ਮਨਪ੍ਰੀਤ ਸਿੰਘ (ਜੋ ਕਿ ਖਰੜ ਹਲਕੇ ਦੇ ਰਹਿਣ ਵਾਲੇ ਸਨ)…ਸਮੇਤ ਇੱਕ ਜਵਾਨ ਤੇ ਇੱਕ ਪੁਲਿਸ ਦੇ DSP ਸ਼ਹੀਦ ਹੋ ਗਏ…ਪਰਮਾਤਮਾ ਅੱਗੇ ਅਰਦਾਸ ਪਰਿਵਾਰਾਂ ਨੂੰ ਹੌਂਸਲਾ ਤੇ ਹਿੰਮਤ ਬਖ਼ਸ਼ਣ…ਦੇਸ਼ ਖ਼ਾਤਰ ਆਪਣੇ ਫ਼ਰਜ਼ ਤੋਂ ਕੁਰਬਾਨ ਹੋਏ ਤਿੰਨੋਂ ਸ਼ਹੀਦਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਦਿਲੋਂ ਸਲਾਮ ਕਰਦਾ ਹਾਂ।”
