ਭਾਜਪਾ ਕੌਮੀ ਪ੍ਰਧਾਨ ਦੇ ਪੰਜਾਬ ਦੌਰੇ ਦਾ ਸ਼ਡਿਊਲ ਤੈਅ, ਜਾਣੋ ਪੂਰਾ ਪ੍ਰੋਗਰਾਮ

ਭਾਜਪਾ ਕੌਮੀ ਪ੍ਰਧਾਨ ਦੇ ਪੰਜਾਬ ਦੌਰੇ ਦਾ ਸ਼ਡਿਊਲ ਤੈਅ, ਜਾਣੋ ਪੂਰਾ ਪ੍ਰੋਗਰਾਮ

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ 20 ਜੂਨ ਨੂੰ ਪੰਜਾਬ ਦੌਰੇ 'ਤੇ ਆ ਰਹੇ ਹਨ। ਉਹ ਤਿੰਨ ਦਿਨ ਤਕ ਪੰਜਾਬ ਰਹਿਣਗੇ ਤੇ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਨਤਮਸਤਕ ਹੋਣਗੇ। ਇਸ ਤੋਂ ਇਲਾਵਾ ਉਹ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਅੰਮ੍ਰਿਤਸਰ ਵਿਚ ਭਾਰਤ-ਪਾਕਿ ਬਾਰਡਰ 'ਤੇ ਭਾਜਪਾ ਵਰਕਰਾਂ ਦੇ ਨਾਲ ਯੋਗ ਕਰਨਗੇ। ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਭਾਜਪਾ ਵਰਕਰਾਂ ਤੇ ਆਗੂਆਂ ਦੇ ਨਾਲ-ਨਾਲ ਸੂਬੇ ਦੇ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਮੁਲਾਕਾਤਾਂ ਕਰਨਗੇ। 

ਪੰਜਾਬ ਭਾਜਪਾ ਨੇ ਕੌਮੀ ਪ੍ਰਧਾਨ ਦੇ ਦੌਰੇ ਸਬੰਧੀ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਸਬੰਧੀ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ। ਇਸੇ ਤਹਿਤ ਅੱਜ ਲੁਧਿਆਣਾ ਵਿਚ ਪੰਜਾਬ ਭਾਜਪਾ ਦੀ ਅਹਿਮ ਮੀਟਿੰਗ ਹੋਈ, ਜਿਸ ਵਿਚ ਨਿਤਿਨ ਨਬੀਨ ਦੇ ਦੌਰੇ ਸਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਇਸ ਸਬੰਧੀ ਤਿਆਰੀਆਂ ਦੇ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸੰਗਠਨ ਮੰਤਰੀ ਸ਼੍ਰੀਨਿਵਾਸੁਲੂ, ਅਨਿਲ ਸਰੀਨ, ਜਤਿੰਦਰ ਮਿੱਤਲ ਆਦਿ ਮੌਜੂਦ ਰਹੇ। ਉੱਥੇ ਹੀ ਨਿਤਿਨ ਨਬੀਨ ਤੋਂ ਪਹਿਲਾਂ ਅੱਜ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਜਨਰਲ ਸਕੱਤਰ ਤਰੁਣ ਚੁੱਘ ਵੀ ਅੰਮ੍ਰਿਤਸਰ ਪਹੁੰਚੇ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। 

ਨਿਤਿਨ ਨਬੀਨ 20 ਜੂਨ ਨੂੰ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮਤੀਰਥ ਵਿਖੇ ਨਤਮਸਤਕ ਹੋਣਗੇ। ਉਸੇ ਸ਼ਾਮ ਉਹ ਅੰਮ੍ਰਿਤਸਰ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਗੱਲਬਾਤ ਕਰਨਗੇ। 21 ਜੂਨ ਨੂੰ ਯੋਗ ਦਿਵਸ ਮੌਕੇ ਉਹ ਇਕ ਯੋਗ ਕੈਂਪ ’ਚ ਹਿੱਸਾ ਲੈਣ ਤੋਂ ਬਾਅਦ ਜਲੰਧਰ ’ਚ ਸੰਤ ਸਮਾਜ ਵੱਲੋਂ ਕਰਵਾਏ ਜਾ ਰਹੇ ਇਕ ਵਿਸ਼ਾਲ ਸਮਾਗਮ ’ਚ ਸ਼ਿਰਕਤ ਕਰਨਗੇ। ਉਹ ਜਲੰਧਰ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਰਾਤ ਦੇ ਭੋਜਨ ’ਚ ਵੀ ਹਿੱਸਾ ਲੈਣਗੇ। 22 ਜੂਨ ਨੂੰ ਉਹ ਲੁਧਿਆਣਾ ’ਚ ਸੂਬਾਈ ਭਾਜਪਾ ਕੋਰ ਕਮੇਟੀ, ਸੂਬਾ ਕਾਰਜਕਾਰਨੀ, ਜ਼ਿਲ੍ਹਾ ਪ੍ਰਧਾਨਾਂ ਅਤੇ ਸ਼ਕਤੀ ਕੇਂਦਰਾਂ ਦੀਆਂ ਮੀਟਿੰਗਾਂ ’ਚ ਸ਼ਾਮਲ ਹੋਣ ਤੋਂ ਬਾਅਦ ਚੰਡੀਗੜ੍ਹ ’ਚ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਰਿਹਾਇਸ਼ ’ਤੇ ਰਾਤ ਦੇ ਭੋਜਨ ’ਚ ਸ਼ਾਮਲ ਹੋਣਗੇ।