WFI ਵਿਵਾਦ : FIR ਜਨਤਕ ਹੋਣ ‘ਤੇ ਬ੍ਰਿਜ ਭੂਸ਼ਣ ਸਿੰਘ ਨੇ ਕੀਤਾ ਐਲਾਨ,5 ਜੂਨ ਨੂੰ ਅਯੁੱਧਿਆ ''ਚ ਹੋਣ ਵਾਲੀ ''ਜਨ ਚੇਤਨਾ ਰੈਲੀ'' ਕੀਤੀ ਮੁਲਤਵੀ

WFI ਵਿਵਾਦ : FIR ਜਨਤਕ ਹੋਣ ‘ਤੇ ਬ੍ਰਿਜ ਭੂਸ਼ਣ ਸਿੰਘ ਨੇ ਕੀਤਾ ਐਲਾਨ,5 ਜੂਨ ਨੂੰ ਅਯੁੱਧਿਆ ''ਚ ਹੋਣ ਵਾਲੀ ''ਜਨ ਚੇਤਨਾ ਰੈਲੀ'' ਕੀਤੀ ਮੁਲਤਵੀ

ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ ‘ਤੇ ਦਰਜ ਦੋਵੇਂ ਐੱਫਆਈਆਰ ਹੁਣ ਸਾਹਮਣੇ ਆ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਬ੍ਰਿਜਭੂਸ਼ਣ ਤੇ ਸਚਿਨ ਵਿਨੋਦ ਤੋਮਰ ਮੁੱਖ ਤੌਰ ਤੋਂ ਦੋਸ਼ੀ ਹਨ। ਬਾਲਗ ਪਹਿਲਵਾਨਾਂ ਦਾ ਦੋਸ਼ ਹੈ ਕਿ ਬ੍ਰਿਜਭੂਸ਼ਣ ਨੇ ਕਥਿਤ ਤੌਰ ‘ਤੇ ਕਈ ਵਾਰ ਛੇੜਛਾੜ ਕੀਤੀ। ਗਲਤ ਤਰੀਕੇ ਨਾਲ ਉਨ੍ਹਾਂ ਨੂੰ ਛੂਹਿਆ। ਇਥੋਂ ਤੱਕ ਕਿ ਸਾਹ ਚੈੱਕ ਕਰਨ ਦੇ ਬਹਾਨੇ ਉਨ੍ਹਾਂ ਦੀ ਟੀ-ਸ਼ਰਟ ਉਤਾਰੀ।

ਯੌਨ ਸ਼ੋਸ਼ਣ ਵਰਗੇ ਗੰਭੀਰ ਦੋਸ਼ਾਂ 'ਚ ਘਿਰੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸ਼ੁੱਕਰਵਾਰ ਨੂੰ ਅਯੁੱਧਿਆ 'ਚ ਹੋਣ ਵਾਲੀ ਜਨ ਚੇਤਨਾ ਰੈਲੀ ਨੂੰ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ। ਭਾਜਪਾ ਸਾਂਸਦ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਪੁਲਿਸ ਜਾਂਚ ਕਾਰਨ ਰੈਲੀ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ।

Image

WFI ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਐਲਾਨ ਕੀਤਾ ਕਿ 5 ਜੂਨ ਨੂੰ ਹੋਣ ਵਾਲੀ 'ਜਨ ਚੇਤਨਾ ਮਹਾਰੈਲੀ, ਅਯੁੱਧਿਆ ਚਲੋ' ਨੂੰ ਕੁਝ ਦਿਨਾਂ ਲਈ ਮੁਲਤਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਜਾਂਚ ਚੱਲ ਰਹੀ ਹੈ ਅਤੇ ਸੁਪਰੀਮ ਕੋਰਟ ਦੇ ਗੰਭੀਰ ਨਿਰਦੇਸ਼ਾਂ ਦਾ ਸਨਮਾਨ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ 5 ਜੂਨ ਨੂੰ ਅਯੁੱਧਿਆ 'ਚ 'ਜਨ ਚੇਤਨਾ ਮਹਾਰੈਲੀ' ਦਾ ਐਲਾਨ ਕੀਤਾ ਸੀ। ਬ੍ਰਿਜ ਭੂਸ਼ਣ ਨੇ ਸਾਧੂ-ਸੰਤਾਂ ਨੂੰ ਇਸ ਰੈਲੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ। ਪਹਿਲਵਾਨਾਂ ਵੱਲੋਂ ਲਾਏ ਗੰਭੀਰ ਦੋਸ਼ਾਂ ਦਰਮਿਆਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਅਯੁੱਧਿਆ ਤੋਂ ਆਪਣੀ ਕਾਬਲੀਅਤ ਦਿਖਾਉਣ ਦੀ ਯੋਜਨਾ ਬਣਾਈ ਸੀ।