ਜਲੰਧਰ ਤੋਂ ਬਸਪਾ ਦੇ ਲੋਕ ਸਭਾ ਚੋਣਾਂ ਲਈ ਐਡਵੋਕੇਟ ਬਲਵਿੰਦਰ ਕੁਮਾਰ ਹੋਣਗੇ ਉਮੀਦਵਾਰ

ਜਲੰਧਰ ਤੋਂ ਬਸਪਾ ਦੇ ਲੋਕ ਸਭਾ ਚੋਣਾਂ ਲਈ ਐਡਵੋਕੇਟ ਬਲਵਿੰਦਰ ਕੁਮਾਰ ਹੋਣਗੇ ਉਮੀਦਵਾਰ

ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ’ਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਹੁਕਮ ਅਨੁਸਾਰ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਦੇ ਦਿਸ਼ਾ ਨਿਰਦੇਸ਼ਾਂ ’ਚ ਬਸਪਾ ਦੇ ਲੋਕ ਸਭਾ ਜਲੰਧਰ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਹੋਣਗੇ। ਕੇਂਦਰੀ ਕੋਆਰਡੀਨੇਟਰ ਬੈਨੀਵਾਲ ਨੇ ਕਿਹਾ ਕਿ ਜਲ਼ਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ, ਸਾਰੇ ਉਮੀਦਵਾਰਾਂ ਦੇ ਪੈਨਲ ਤੇ ਅੰਤਿਮ ਫੈਂਸਲਾ ਭੈਣ ਕੁਮਾਰੀ ਮਾਇਆਵਤੀ ਵਲੋਂ ਲਿਆ ਜਾ ਰਿਹਾ ਹੈ।

ਬਸਪਾ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵੱਖ ਵੱਖ ਰਾਜਨੀਤਿਕ ਦਲਾਂ ਦੇ ਪੰਜਾਬ ਦੇ ਨਕਲੀ ਤੇ ਝੂਠੇ ਦਲਿਤ ਚੇਹਰਿਆਂ ਨੂੰ ਮਲੀਆਮੇਟ ਕਰਨ ਦਾ ਕੰਮ ਜਲੰਧਰ ਲੋਕ ਸਭਾ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਕਰਨਗੇ। ਬਲਵਿੰਦਰ ਨੇ ਮੌਜੂਦਾ ਬਸਪਾ ਪੰਜਾਬ ਦੇ ਜਨਰਲ ਸਕੱਤਰ ਹਨ ਤੇ ਪਿਛਲੇ ਚਾਰ ਮਹੀਨਿਆਂ ਤੋਂ ਲੋਕ ਸਭਾ ਇੰਚਾਰਜ ਦੇ ਤੌਰ ਤੇ ਲਗਾਤਾਰ ਸਰਗਰਮ ਸਨ। ਇਸ ਤੋਂ ਪਹਿਲਾਂ ਉਹ 2017 ਅਤੇ 2022 ਦੀ ਵਿਧਾਨ ਸਭਾ ਚੋਣ ਕਰਤਾਰਪੁਰ ਤੋਂ ਲੜ ਚੁੱਕੇ ਹਨ ਜਦੋਂ ਕਿ 2019 ਵਿਚ ਲੋਕ ਸਭਾ ਜਲੰਧਰ ਤੋਂ 2 ਲੱਖ 4ਹਜ਼ਾਰ ਵੋਟਾਂ ਲੈ ਕੇ ਮੁਕਾਬਲੇ ਵਿਚ ਭਾਰੂ ਰਹੇ ਸਨ।

ਜਸਵੀਰ ਗੜ੍ਹੀ ਨੇ ਕਿਹਾ ਕਿ ਕਾਂਗਰਸ ਨੇ ਨਕਲੀ ਤੇ ਝੂਠੇ ਦਲਿਤ ਚੇਹਰੇ ਅੱਗੇ ਕਰਕੇ ਹਮੇਸ਼ਾ ਦੇਸ਼ ਭਰ ’ਚ ਦਲਿਤ ਵਰਗ ਨੂੰ ਗੁੰਮਰਾਹ ਕੀਤਾ ਹੈ, ਜਿਸਦੇ ਖ਼ਿਲਾਫ਼ ਪੂਰੇ ਪੰਜਾਬ ’ਚ ਲੜਾਈ ਬਹੁਜਨ ਸਮਾਜ ਪਾਰਟੀ ਲੜ ਰਹੀ ਹੈ। ਅੱਜ ਪੂਰੇ ਦਿਨ ’ਚ ਇਹ ਦੂਜਾ ਉਮੀਦਵਾਰ ਹੈ ਜੋਕਿ ਅੱਜ ਘੋਸ਼ਿਤ ਕੀਤਾ ਗਿਆ ਇਸ ਤੋਂ ਪਹਿਲਾ ਸਵੇਰੇ ਪਟਿਆਲਾ ਲੋਕ ਸਭਾ ਤੋਂ ਜਗਜੀਤ ਛਰਬੜ ਨੂੰ ਐਲਾਨਿਆ ਗਿਆ ਸੀ। ਇਸ ਤਰ੍ਹਾਂ ਬਸਪਾ ਕੁਲ ਪੰਜ ਉਮੀਦਵਾਰ ਘੋਸ਼ਿਤ ਕਰ ਚੁੱਕੀ ਹੈ ਜਿਸ ’ਚ ਫਿਰੋਜ਼ਪੁਰ ਤੋਂ ਸੁਰਿੰਦਰ ਕੰਬੋਜ਼, ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਸੁੰਮਨ ਅਤੇ ਸੰਗਰੂਰ ਤੋਂ ਡਾ ਮੱਖਣ ਸਿੰਘ ਸ਼ਾਮਿਲ ਹਨ।