- Updated: November 22, 2024 10:33 AM
ਭਾਰਤ ਵੱਲੋਂ ਕੈਨੇਡਾ ਸਥਿਤ ਗਲੋਬ ਐਂਡ ਮੇਲ ਅਖਬਾਰ ਵਿਚ ਛਪੀ ਇੱਕ ਰਿਪੋਰਟ 'ਤੇ ਸਖ਼ਤ ਇਤਰਾਜ਼ ਜਤਾਏ ਜਾਣ ਦੇ ਕੁੱਝ ਦਿਨਾਂ ਬਾਅਦ, ਜਿਸ ਵਿਚ ਐੱਨ.ਆਈ.ਏ. ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਮੌਤ ਦੇ ਸਬੰਧ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਐੱਸ, ਜੈਸ਼ੰਕਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਸੀ, ਕੈਨੇਡਾ ਨੇ ਅਧਿਕਾਰਤ ਤੌਰ 'ਤੇ ਇਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ।
ਕੈਨੇਡਾ ਸਰਕਾਰ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ, 14 ਅਕਤੂਬਰ ਨੂੰ, ਜਨਤਕ ਸੁਰੱਖਿਆ ਲਈ ਇੱਕ ਮਹੱਤਵਪੂਰਨ ਅਤੇ ਲਗਾਤਾਰ ਖਤਰੇ ਕਾਰਨ, RCMP ਅਤੇ ਅਧਿਕਾਰੀਆਂ ਨੇ ਕੈਨੇਡਾ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦੁਆਰਾ ਜਨਤਕ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੇ ਜਨਤਕ ਦੋਸ਼ ਲਗਾਉਣ ਦਾ ਅਸਾਧਾਰਨ ਕਦਮ ਚੁੱਕਿਆ ਸੀ। ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, "ਕੈਨੇਡਾ ਸਰਕਾਰ ਨੇ ਪ੍ਰਧਾਨ ਮੰਤਰੀ ਮੋਦੀ, ਮੰਤਰੀ ਜੈਸ਼ੰਕਰ, ਜਾਂ ਐੱਨ.ਐੱਸ.ਏ. ਡੋਵਾਲ ਦੇ ਕੈਨੇਡਾ ਵਿੱਚ ਕਿਸੇ ਵੀ ਗੰਭੀਰ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਕੋਈ ਸਬੂਤ ਨਹੀਂ ਹਨ, ਨਾ ਹੀ ਉਸ ਨੂੰ ਇਸ ਦੀ ਜਾਣਕਾਰੀ ਹੈ।"
20 ਨਵੰਬਰ ਨੂੰ ਭਾਰਤ ਨੇ ਕੈਨੇਡੀਅਨ ਮੀਡੀਆ ਦੀ ਰਿਪੋਰਟ ਨੂੰ "ਬਦਨਾਮ ਕਰਨ ਵਾਲੀ ਮੁਹਿੰਮ" ਕਰਾਰ ਦਿੰਦੇ ਹੋਏ ਇਸ ਦੀ ਸਖ਼ਤ ਨਿਖੇਧੀ ਕੀਤੀ ਸੀ ਅਤੇ ਕਿਹਾ ਸੀ ਕਿ ਅਜਿਹੇ 'ਹਾਸੋਹੀਣੇ ਬਿਆਨਾਂ' ਨੂੰ ਉਸ ਤਰੀਕੇ ਨਾਲ ਰੱਦ ਕੀਤਾ ਜਾਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹਨ। ਵਿਦੇਸ਼ ਮੰਤਰਾਲਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਇਸ ਤਰ੍ਹਾਂ ਦੀਆਂ ਬਦਨਾਮ ਕਰਨ ਵਾਲੀਆਂ ਮੁਹਿੰਮਾਂ ਸਾਡੇ ਪਹਿਲਾਂ ਤੋਂ ਤਣਾਅਪੂਰਨ ਸਬੰਧਾਂ ਨੂੰ ਹੋਰ ਨੁਕਸਾਨ ਪਹੁੰਚਾਉਂਦੀਆਂ ਹਨ। ਅਸੀਂ ਆਮ ਤੌਰ 'ਤੇ ਮੀਡੀਆ ਰਿਪੋਰਟਾਂ 'ਤੇ ਟਿੱਪਣੀ ਨਹੀਂ ਕਰਦੇ।