- Updated: May 09, 2026 09:00 PM
ਕੈਨੇਡਾ ਦੀ ਸਰੀ ਪੁਲਸ ਸਰਵਿਸ ਨੇ ਕੁਝ ਦਿਨ ਪਹਿਲਾਂ ਹੀ ਜਬਰੀ ਵਸੂਲੀ ਅਤੇ ਹਥਿਆਰਾਂ ਨਾਲ ਸਬੰਧਤ ਹਿੰਸਾ ਦੇ ਮਾਮਲਿਆਂ ਵਿੱਚ ਸ਼ਾਮਲ ਭਾਰਤੀ ਮੂਲ ਦੇ 7 ਪੰਜਾਬੀ ਨੌਜਵਾਨਾਂ ਦੀ ਲਿਸਟ ਜਾਰੀ ਕੀਤੀ ਸੀ। ਹੁਣ ਇਸੇ ਮਾਮਲੇ 'ਚ ਇੱਕ ਹੋਰ ਅਹਿਮ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ, ਇਨ੍ਹਾਂ 7 ਨੌਜਵਾਨਾਂ ਨੂੰ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਡਿਪੋਰਟ ਕਰ ਦਿੱਤਾ ਹੈ। ਪੁਲਸ ਵੱਲੋਂ ਜਾਰੀ ਕੀਤੀ ਗਈ ਲਿਸਟ 'ਚ ਹੰਸਪ੍ਰੀਤ ਸਿੰਘ, ਹਰਸ਼ਦੀਪ ਸਿੰਘ, ਹਰਜੋਤ ਸਿੰਘ, ਤਰਨਵੀਰ ਸਿੰਘ, ਲਵਬੀਰ ਸਿੰਘ, ਦਯਾਜੀਤ ਬਿਲਿੰਗ ਅਤੇ ਪ੍ਰਭਜੋਤ ਸਿੰਘ ਦੇ ਨਾਂ ਸ਼ਾਮਲ ਹਨ। ਰਿਪੋਰਟਾਂ ਮੁਤਾਬਕ ਇਨ੍ਹਾਂ ਵਿੱਚੋਂ 22 ਸਾਲਾ ਲਵਬੀਰ ਸਿੰਘ ਅਤੇ 20 ਸਾਲਾ ਪ੍ਰਭਜੋਤ ਸਿੰਘ ਨੂੰ ਪਹਿਲਾਂ ਹੀ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ, ਜਦਕਿ ਬਾਕੀਆਂ ਨੂੰ ਜਾਂਚ ਤੋਂ ਬਾਅਦ ਡਿਪੋਰਟ ਕੀਤਾ ਗਿਆ ਹੈ।

ਸਰੀ ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਵਿਅਕਤੀਆਂ ਦੀਆਂ ਤਸਵੀਰਾਂ ਅਤੇ ਜਾਣਕਾਰੀ ਜਨਤਕ ਕਰਨਾ ਚੱਲ ਰਹੀ ਜਾਂਚ ਵਿੱਚ ਗਵਾਹਾਂ, ਪੀੜਤਾਂ ਜਾਂ ਹੋਰ ਸਹਿਯੋਗੀਆਂ ਦੀ ਪਛਾਣ ਕਰਨ ਲਈ ਜ਼ਰੂਰੀ ਸੀ। ਇਸੇ ਮਾਮਲੇ ਦੇ ਸਬੰਧ ਵਿੱਚ ਪੁਲਸ ਨੇ 27 ਸਾਲਾ ਜਸਕਰਨ ਸਰੋਏ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਰਿਹਾਇਸ਼ੀ ਇਲਾਕੇ 'ਚ ਗੋਲੀਬਾਰੀ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ ਅਤੇ ਉਹ ਇਸ ਵੇਲੇ ਕੈਨੇਡਾ ਪੁਲਸ ਦੀ ਹਿਰਾਸਤ ਵਿੱਚ ਹੈ। ਸਰੀ ਪੁਲਸ ਦੇ ਚੀਫ ਕਾਂਸਟੇਬਲ ਨੌਰਮ ਲਿਪਿੰਸਕੀ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਗੰਨ ਵਾਇਲੈਂਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਪੁਲਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।