ਤਿੰਨ ਪੰਜਾਬੀ ਕੈਨੇਡਾ ''ਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਤਿੰਨ ਪੰਜਾਬੀ ਕੈਨੇਡਾ ''ਚ ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ

ਕੈਨੇਡਾ ਪੁਲਿਸ ਨੇ ਫਿਰੌਤੀ ਮੰਗਣ ਦੇ ਮਾਮਲੇ ਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚ ਤਿੰਨ ਪੰਜਾਬੀ ਸ਼ਾਮਲ ਹਨ। ਇਹ ਮੁਲਜ਼ਮ ਵੱਡੇ-ਵੱਡੇ ਵਪਾਰੀਆਂ ਨੂੰ ਨਿਸ਼ਾਨਾਂ ਬਣਾਉਂਦੇ ਸਨ। 

ਇਸ ਸਬੰਧੀ ਪੀਲ ਪੁਲਿਸ ਦੇ ਉਪ ਮੁਖੀ ਮਾਰਕ ਐਂਡਰਿਊ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਕਈ ਵਪਾਰਕ ਅਦਾਰਿਆਂ ਦੇ ਮਾਲਕਾਂ ਤੋਂ ਇਨ੍ਹਾਂ ਮੁਲਜ਼ਮਾਂ ਵੱਲੋਂ ਅਣਪਛਾਤੇ ਨੰਬਰਾਂ ਤੋਂ ਫੋਨ ਕਰ ਕੇ ਵੱਡੀਆਂ ਰਕਮਾਂ ਦੀ ਮੰਗ ਕੀਤੀ ਜਾਂਦੀ ਸੀ ਅਤੇ ਕੁਝ ਕਾਰੋਬਾਰੀਆਂ ਨੂੰ ਡਰਾਉਣ ਲਈ ਉਨ੍ਹਾਂ ਦੇ ਸਟੋਰਾਂ ’ਤੇ ਗੋਲੀਬਾਰੀ ਵੀ ਹੋਈ।

ਪੁਲਿਸ ਉਦੋਂ ਤੋਂ ਕਥਿਤ ਦੋਸ਼ੀਆਂ ਦਾ ਪਤਾ ਲਗਾ ਰਹੀ ਸੀ। ਆਖ਼ਰਕਾਰ ਸਬੂਤ ਇਕੱਠੇ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਦੁਪਿੰਦਰਦੀਪ ਚੀਮਾ (36), ਬੇਅੰਤ ਢਿੱਲੋਂ (51) ਦੋਵੇਂ ਵਾਸੀਆਨ ਬਰੈਂਪਟਨ ਅਤੇ ਅਰੁਣਦੀਪ ਥਿੰਦ (39) ਬੇਘਰਾ ਸਮੇਤ ਦੋ ਹੋਰਾਂ ਨੂੰ 14 ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਹੋਰ ਪੁੱਛ-ਪੜਤਾਲ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਲਜ਼ਮ ਦੱਖਣ ਏਸ਼ਿਆਈ ਭਾਈਚਾਰੇ ਨਾਲ ਸਬੰਧਤ ਕਾਰੋਬਾਰੀਆਂ ਨੂੰ ਫੋਨ ਕਰ ਕੇ ਫਿਰੌਤੀ ਦੀ ਮੰਗ ਕਰਦੇ ਸਨ ਅਤੇ ਕਈਆਂ ਨੂੰ ਡਰਾਉਣ ਲਈ ਉਨ੍ਹਾਂ ਦੀਆਂ ਕਾਰੋਬਾਰੀ ਥਾਵਾਂ ’ਤੇ ਗੋਲੀਬਾਰੀ ਵੀ ਕਰਦੇ ਸਨ ਤਾਂ ਜੋ ਉਹ ਦਹਿਸ਼ਤ ਕਾਰਨ ਪੁਲਿਸ ਨੂੰ ਸੂਚਿਤ ਕਰਨ ਦੀ ਥਾਂ ਫਿਰੌਤੀ ਦੀ ਰਕਮ ਦੇਣਾ ਠੀਕ ਸਮਝਣ। ਪੁਲਿਸ ਅਫ਼ਸਰ ਨੇ ਹੋਰ ਪੀੜਤ ਕਾਰੋਬਾਰੀਆਂ ਨੂੰ ਵੀ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ ਜੋ ਕਿ ਪਹਿਲਾਂ ਕਿਸੇ ਕਾਰਨ ਪੁਲਿਸ ਕੋਲ ਸ਼ਿਕਾਇਤ ਨਹੀਂ ਕਰ ਸਕੇ।