ਦੁੱਗਣਾ ਸੋਗ: ਨਾਨੇ ਦੇ ਅੰਤਿਮ ਸੰਸਕਾਰ ਮਗਰੋਂ ਹੀ ਕੈਨੇਡਾ ਵਿੱਚ ਦੋਹਤੇ ਦੀ ਮੌਤ

ਦੁੱਗਣਾ ਸੋਗ: ਨਾਨੇ ਦੇ ਅੰਤਿਮ ਸੰਸਕਾਰ ਮਗਰੋਂ ਹੀ ਕੈਨੇਡਾ ਵਿੱਚ ਦੋਹਤੇ ਦੀ ਮੌਤ

ਪਿੰਡ ਮਾਨੂੰਪੁਰ ਵਿਚ ਇਕ ਬਹੁਤ ਹੀ ਦੁਖਦਾਇਕ ਘਟਨਾ ਵਾਪਰੀ ਹੈ, ਜਿਸ ਨੇ ਹਰ ਇਕ ਨੂੰ ਗਮਗੀਨ ਕਰ ਦਿੱਤਾ ਹੈ। ਦਰਅਸਲ ਥੋੜਾ ਸਮਾਂ ਪਹਿਲਾਂ ਹੀ ਪਿੰਡ ਦੇ ਮੋਹਤਵਰ ਵਿਅਕਤੀ ਹਰਬੰਸ ਸਿੰਘ ਦਾ ਸਸਕਾਰ ਕੀਤਾ ਗਿਆ ਸੀ ਕਿ ਕੁਝ ਘੰਟਿਆਂ ਬਾਅਦ ਹੀ ਪਰਿਵਾਰ 'ਤੇ ਇਕ ਹੋਰ ਵੱਡਾ ਦੁੱਖ ਆ ਡਿੱਗਿਆ। ਜਾਣਕਾਰੀ ਮੁਤਾਬਕ ਕੈਨੇਡਾ ਦੇ ਸ਼ਹਿਰ ਵਿੰਨੀਪੈਗ ਵਿਚ ਰਹਿੰਦੇ ਉਨ੍ਹਾਂ ਦੇ ਦੋਹਤੇ ਯੁਵਰਾਜ ਸਿੰਘ (26) ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਗਲਤ ਪਾਸਿਓਂ ਆ ਰਹੇ ਇਕ ਟਰਾਲੇ ਨੇ ਯੁਵਰਾਜ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਉਹ ਮੌਕੇ ‘ਤੇ ਹੀ ਦਮ ਤੋੜ ਗਿਆ।

ਯੁਵਰਾਜ ਸਿੰਘ ਜੋ ਕਿ ਪਿੰਡ ਜਸਪਾਲੋਂ ਦਾ ਜੰਮਪਲ ਸੀ, ਹੱਸਮੁੱਖ ਅਤੇ ਨਿਮਰ ਸੁਭਾਅ ਵਾਲਾ ਨੌਜਵਾਨ ਸੀ। ਉਸਦੀ ਅਚਾਨਕ ਮੌਤ ਨਾਲ ਨਾ ਸਿਰਫ਼ ਪਰਿਵਾਰ ਸਗੋਂ ਪੂਰਾ ਪਿੰਡ ਅਤੇ ਇਲਾਕਾ ਸੋਗ ਵਿਚ ਡੁੱਬ ਗਿਆ ਹੈ। ਇੱਕੋ ਪਰਿਵਾਰ ਵਿਚ ਥੋੜ੍ਹੇ ਸਮੇਂ ਅੰਦਰ ਹੋਈਆਂ ਦੋ ਮੌਤਾਂ ਨੇ ਪਰਿਵਾਰ ਅਤੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰ ਨਾਲ ਡੂੰਘੀ ਹਮਦਰਦੀ ਜਤਾਈ ਜਾ ਰਹੀ ਹੈ।