ਜੈਸ਼ੰਕਰ ਨੇ ਕੈਨੇਡੀਅਨ ਵਿਦੇਸ਼ ਮੰਤਰੀ ਜੋਲੀ ਨਾਲ ਪਿਛਲੇ ਮਹੀਨੇ ਵਾਸ਼ਿੰਗਟਨ ’ਚ ਕੀਤੀ ਸੀ ‘ਗੁਪਤ ਮੀਟਿੰਗ’: ਰੀਪੋਰਟ 

 ਜੈਸ਼ੰਕਰ ਨੇ ਕੈਨੇਡੀਅਨ ਵਿਦੇਸ਼ ਮੰਤਰੀ ਜੋਲੀ ਨਾਲ ਪਿਛਲੇ ਮਹੀਨੇ ਵਾਸ਼ਿੰਗਟਨ ’ਚ ਕੀਤੀ ਸੀ ‘ਗੁਪਤ ਮੀਟਿੰਗ’: ਰੀਪੋਰਟ 

ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ‘ਗੁਪਤ ਮੀਟਿੰਗ’ ਕੀਤੀ ਸੀ। ਜੂਨ ’ਚ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਦੋਹਾਂ ਦੇਸ਼ਾਂ ਵਿਚਾਲੇ ਕੂਟਨੀਤਕ ਵਿਵਾਦ ਦਰਮਿਆਨ ਇਕ ਰੀਪੋਰਟ ’ਚ ਇਹ ਦਾਅਵਾ ਕੀਤਾ ਗਿਆ ਹੈ।

‘ਫਾਈਨੈਂਸ਼ੀਅਲ ਟਾਈਮਜ਼’ ਦੀ ਇਹ ਖ਼ਬਰ ਉਦੋਂ ਆਈ ਹੈ ਜਦੋਂ ਕੈਨੇਡਾ ਨੇ ਅਪਣੇ 62 ਡਿਪਲੋਮੈਟਾਂ ’ਚੋਂ 36 ਤੋਂ ਵੱਧ ਨੂੰ ਵਾਪਸ ਬੁਲਾਉਣ ਦੀ ਭਾਰਤ ਦੀ ਬੇਨਤੀ ਨੂੰ ਪੂਰਾ ਨਹੀਂ ਕੀਤਾ ਹੈ। ਇਸ ਕਥਿਤ ਮੁਲਾਕਾਤ ਬਾਰੇ ਪੁੱਛੇ ਜਾਣ ’ਤੇ ਵਿਦੇਸ਼ ਮੰਤਰਾਲੇ ਨੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਹੈ। ਕੈਨੇਡਾ ਵਲੋਂ ਵੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਜੈਸ਼ੰਕਰ ਨਿਊਯਾਰਕ ਦੇ ਪੰਜ ਦਿਨਾਂ ਦੌਰੇ ਦੀ ਸਮਾਪਤੀ ਤੋਂ ਬਾਅਦ 27 ਤੋਂ 30 ਸਤੰਬਰ ਤਕ ਵਾਸ਼ਿੰਗਟਨ ਡੀ.ਸੀ. ’ਚ ਸਨ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਜੂਨ ’ਚ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਿਤ’ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ’ਚ ਤਣਾਅ ਪੈਦਾ ਹੋ ਗਿਆ ਸੀ। ਭਾਰਤ ਨੇ ਦੋਸ਼ਾਂ ਨੂੰ ‘ਬੇਤੁਕਾ’ ਅਤੇ ‘ਪ੍ਰੇਰਿਤ’ ਕਹਿ ਕੇ ਰੱਦ ਕਰ ਦਿਤਾ ਸੀ। ਬ੍ਰਿਟਿਸ਼ ਕੋਲੰਬੀਆ ’ਚ ਦੋ ਨਕਾਬਪੋਸ਼ ਬੰਦੂਕਧਾਰੀਆਂ ਨੇ ਨਿੱਝਰ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਸੀ। ਭਾਰਤ ਨੇ 2020 ’ਚ ਉਸ ਨੂੰ ਅਤਿਵਾਦੀ ਐਲਾਨ ਕੀਤਾ ਸੀ।

ਖ਼ਬਰਾਂ ’ਚ ਦਸਿਆ ਗਿਆ ਸੀ ਕਿ ਕੈਨੇਡਾ ਦੇ ਭਾਰਤ ’ਚ 62 ਸਫ਼ੀਰ ਹਨ ਅਤੇ ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤਕ ਅਪਣੇ 41 ਸਫ਼ੀਰਾਂ ਨੂੰ ਦੇਸ਼ ਤੋਂ ਵਾਪਸ ਬੁਲਾਉਣ ਲਈ ਕਿਹਾ ਹੈ। ਸੂਤਰਾਂ ਨੇ ਕਿਹਾ ਕਿ ਦੇਸ਼ ’ਚ ਕੈਨੇਡੀਅਨ ਡਿਪਲੋਮੈਟਿਕ ਸਟਾਫ ਦੀ ਗਿਣਤੀ ਘਟਾਉਣ ਦੀ ਭਾਰਤ ਦੀ ਬੇਨਤੀ ’ਤੇ ਦੋਹਾਂ ਧਿਰਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ‘ਫਾਈਨੈਂਸ਼ੀਅਲ ਟਾਈਮਜ਼’ ਦੀ ਖਬਰ ਮੁਤਾਬਕ ਟਰੂਡੋ ਅਤੇ ਜੋਲੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਕੈਨੇਡਾ ਇਸ ਰੇੜਕੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਖਬਰਾਂ ਮੁਤਾਬਕ ਜੋਲੀ ਨੇ ਕਈ ਦਿਨ ਪਹਿਲਾਂ ਵਾਸ਼ਿੰਗਟਨ ’ਚ ਜੈਸ਼ੰਕਰ ਨਾਲ ਗੁਪਤ ਮੀਟਿੰਗ ਵੀ ਕੀਤੀ ਸੀ। ਜੋਲੀ ਨੇ ਬੁਧਵਾਰ ਨੂੰ ਓਟਾਵਾ ’ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ’ਚ ਕਿਹਾ ਸੀ, ‘‘ਕੂਟਨੀਤੀ ਹਮੇਸ਼ਾ ਬਿਹਤਰ ਹੁੰਦੀ ਹੈ ਜਦੋਂ ਗੱਲਬਾਤ ਗੁਪਤ ਰਹਿੰਦੀ ਹੈ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਭਾਰਤ ਦੀ ਗੱਲ ਹੋਵੇਗੀ ਤਾਂ ਉਹ ਇਹੀ ਪਹੁੰਚ ਅਪਣਾਉਂਦੇ ਰਹਿਣਗੇ।