ਸ਼੍ਰੀਨਗਰ ਪਹੁੰਚੀ ਰਾਸ਼ਟਰਪਤੀ ਮੁਰਮੂ , ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

  ਸ਼੍ਰੀਨਗਰ ਪਹੁੰਚੀ ਰਾਸ਼ਟਰਪਤੀ ਮੁਰਮੂ , ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੀ 2 ਦਿਨਾ ਯਾਤਰਾ 'ਤੇ ਇੱਥੇ ਪਹੁੰਚਣ ਤੋਂ ਬਾਅਦ ਫ਼ੌਜ ਹੈੱਡਕੁਆਰਟਰ ਜਾ ਕੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰਪਤੀ ਸ਼੍ਰੀਨਗਰ ਹਵਾਈ ਅੱਡੇ 'ਤੇ ਪਹੁੰਚੀ, ਜਿੱਥੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪਹਿਲੇ ਦੌਰੇ 'ਤੇ ਸਲਾਮੀ ਗਾਰਡ ਵੀ ਦਿੱਤੀ ਗਈ। ਇਸ ਤੋਂ ਬਾਅਦ ਮੁਰਮੂ ਫ਼ੌਜ ਦੀ 15 ਕੋਰ ਦੇ ਹੈੱਡ ਕੁਆਰਟਰ ਬਦਾਮੀਬਾਗ ਛਾਉਣੀ ਗਈ, ਜਿੱਥੇ ਉਨ੍ਹਾਂ ਨੇ ਸ਼ਹੀਦ ਸਮਾਰਕ 'ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।

                 Image

ਫ਼ੌਜ ਦੀ ਇਸ ਕੋਰ ਨੂੰ ਚਿਨਾਰ ਕੋਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਰਾਸ਼ਟਰਪਤੀ ਕਸ਼ਮੀਰ ਯੂਨੀਵਰਸਿਟੀ ਦੇ ਡਿਗਰੀ ਵੰਡ ਸਮਾਰੋਹ 'ਚ ਵੀ ਹਿੱਸਾ ਲਵੇਗੀ। ਮੁਰਮੂ ਦੇ ਆਉਣ ਤੋਂ ਬਾਅਦ ਸਿਨਹਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਲਿਖਿਆ,''ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਜੀ ਦਾ ਸ਼੍ਰੀਨਗਰ ਹਵਾਈ ਅੱਡੇ ਪਹੁੰਚਣ 'ਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ।'' ਰਾਸ਼ਟਰਪਤੀ ਦੇ ਇਸ ਦੌਰੇ ਦੇ ਮੱਦੇਨਜ਼ਰ ਸ਼੍ਰੀਨਗਰ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਸਮੇਤ ਸੁਰੱਖਿਆ ਫ਼ੋਰਸਾਂ ਨੂੰ ਕਸ਼ਮੀਰ ਯੂਨੀਵਰਸਿਟੀ ਅਤੇ ਉਸ ਦੇ ਨੇੜੇ-ਤੇੜੇ ਤਾਇਨਾਤ ਕੀਤਾ ਗਿਆ ਹੈ। ਸ਼ਹਿਰ 'ਚ ਨਿਗਰਾਨੀ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਵਰਗੇ ਆਧੁਨਿਕ ਉਪਕਰਣਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।