- Updated: May 27, 2026 05:59 PM
ਫਰੀਦਕੋਟ ਦੇ ਪਿੰਡ ਮਹਿਮੂਆਣਾ ਕੋਲ ਅੱਜ ਸਵੇਰੇ ਦਰਦਨਾਕ ਹਾਦਸੇ ਦੇ ਦੌਰਾਨ ਦੋ ਨੌਜਵਾਨ ਬਾਇਕ ਸਵਾਰਾਂ ਦੀ ਜਾਨ ਚਲੀ ਗਈ। ਮਿਲੀ ਜਾਣਕਾਰੀ ਅਨੁਸਾਰ ਸਵੇਰੇ ਕਰੀਬ 4 ਵਜੇ ਇੱਕ ਆਈ 20 ਕਾਰ ਵੱਲੋਂ ਇੱਕ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ‘ਤੇ ਦੋ ਨੌਜਵਾਨ ਸਵਾਰ ਸਨ । ਹਾਦਸਾ ਇੰਨਾ ਜ਼ਬਰਦਸਤ ਸੀ ਕਿ ਟੱਕਰ ਤੋਂ ਬਾਅਦ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੋਨੋਂ ਨੌਜਵਾਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਜੋ ਕੇ ਮਹਿਜ਼ 19 ਸਾਲ ਦੀ ਉਮਰ ਦੇ ਸਨ,ਵਜੋਂ ਹੋਈ ਜੋ ਪਿੰਡ ਮਹਿਮੂਆਣਾ ਦੇ ਹੀ ਰਹਿਣ ਵਾਲੇ ਸਨ।
ਦੋਵੇਂ ਨੌਜਵਾਨ ਪੱਲੇਦਾਰੀ ਦਾ ਕੰਮ ਕਰਦੇ ਸਨ ਜੋ ਸਵੇਰੇ ਆਪਣੇ ਕੰਮ ਲਈ ਫਰੀਦਕੋਟ ਆ ਰਹੇ ਸਨ ਤਾਂ ਸਾਹਮਣੇ ਆ ਰਹੀ ਇੱਕ ਆਈ 20 ਕਾਰ ਵੱਲੋਂ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਫਿਲਹਾਲ ਪੁਲਿਸ ਵੱਲੋਂ ਦੋਨੋ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਮੈਡੀਕਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਜਿੱਥੇ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।ਪੁਲਿਸ ਵੱਲੋਂ ਕਾਰ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਦਰਮਿਆਨ ਕਾਰ ਚਾਲਕ ਫਰਾਰ ਦੱਸਿਆ ਜਾ ਰਿਹਾ ਹੈ।
ਮ੍ਰਿਤਕਾ ਦੇ ਭਰਾ ਅਤੇ ਚਾਚੇ ਨੇ ਦੱਸਿਆ ਕਿ ਜਸ਼ਨਪ੍ਰੀਤ ਅਤੇ ਗੁਰਪ੍ਰੀਤ ਜੋ ਦੋਨੋ ਆਂਢ-ਗੁਆਂਢ ”ਚ ਰਹਿੰਦੇ ਸਨ ਅਤੇ ਪੱਲੇਦਾਰੀ ਦਾ ਕੰਮ ਕਰਦੇ ਸਨ।ਅੱਜ ਸਪੈਸ਼ਲ ਲੱਗੀ ਹੋਣ ਕਾਰਨ ਦੋਵੇਂ ਸਵੇਰੇ ਜਲਦੀ ਘਰੋਂ ਕੰਮ ਤੇ ਜਾਣ ਲਈ ਬਾਇਕ ‘ਤੇ ਸਵਾਰ ਹੋ ਕੇ ਜਾ ਰਹੇ ਸਨ ਹਲੇ ਪਿੰਡ ਦੀ ਮੇਨ ਸੜਕ ‘ਤੇ ਚੜ੍ਹੇ ਹੀ ਸਨ ਕੇ ਸਾਹਮਣੇ ਤੋਂ ਆ ਰਹੀ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਨਾਂ ਦੀ ਮੋਕੇ ‘ਤੇ ਹੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਕਾਰ ਸਵਾਰ ਨੀਂਦ ‘ਚ ਸੀ ਜਿਸ ਕਾਰਨ ਉਸਨੇ ਟੱਕਰ ਮਾਰ ਦਿੱਤੀ ।ਉਨ੍ਹਾਂ ਕਿਹਾ ਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।ਉਨ੍ਹਾਂ ਮੰਗ ਕੀਤੀ ਕਿ ਕਾਰ ਚਾਲਕ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ ਅਤੇ ਜੇਕਰ ਕਾਰਵਾਈ ਨਾ ਕੀਤੀ ਤਾਂ ਉਹ ਧਰਨਾ ਲਗਾਉਣਗੇ।