ਕੈਨੇਡਾ ’ਚ ਕੁੜੀ ਨੂੰ ਘਰੋਂ ਕੱਢਣ ’ਤੇ ਪਤੀ, ਸਹੁਰੇ ਤੇ ਸੱਸ ਵਿਰੁੱਧ ਮਾਮਲਾ ਦਰਜ

ਕੈਨੇਡਾ ’ਚ ਕੁੜੀ ਨੂੰ ਘਰੋਂ ਕੱਢਣ ’ਤੇ ਪਤੀ, ਸਹੁਰੇ ਤੇ ਸੱਸ ਵਿਰੁੱਧ ਮਾਮਲਾ ਦਰਜ

ਥਾਣਾ ਸੁਧਾਰ ਦੀ ਪੁਲਸ ਵਲੋਂ ਦਾਜ ਮੰਗਣ ਸਮੇਤ ਹੋਰ ਦੋਸ਼ਾਂ ਤਹਿਤ ਵਿਆਹੁਤਾ ਦੇ ਪਤੀ, ਸਹੁਰੇ ਤੇ ਸੱਸ ਵਿਰੁੱਧ ਮਾਮਲਾ ਦਰਜ ਕਰਨ ਦੀ ਸੂਚਨਾ ਹੈ। ਪੁਲਸ ਸੂਤਰਾਂ ਅਨੁਸਾਰ ਮੁੱਦਈ ਸੇਵਾ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਡਾਂਗੋਂ ਨੇ ਦਿੱਤੀ ਦਰਖ਼ਾਸਤ ’ਚ ਦੋਸ਼ ਲਾਇਆ ਕਿ ਉਸ ਦੀ ਧੀ ਰੁਪਿੰਦਰ ਕੌਰ ਨੂੰ ਉਸ ਦੇ ਪਤੀ ਮਨਦੀਪ ਸਿੰਘ, ਸੱਸ ਜਸਵੀਰ ਕੌਰ ਤੇ ਸਹੁਰੇ ਬਲਵੀਰ ਸਿੰਘ ਵਲੋਂ ਹਮ-ਮਸ਼ਵਰਾ ਹੋ ਕੇ ਇਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਦਾਜ ’ਚ 20 ਲੱਖ ਦੀ ਮੰਗ ਕਰਨ, ਮੰਗ ਪੂਰੀ ਨਾ ਹੋਣ ’ਤੇ ਲੜਕੀ ਰੁਪਿੰਦਰ ਕੌਰ ਨੂੰ ਕੈਨੇਡਾ ’ਚ ਘਰੋਂ ਕੱਢਣ ਤੇ ਉਸ ਦੇ ਵੀਜ਼ਾ ਨੂੰ ਵਧਾਉਣ ਸਬੰਧੀ ਕਾਗਜ਼ ਅਪਲਾਈ ਨਾ ਕਰਨ ਤੇ ਉਸ ਦਾ ਸਾਮਾਨ ਆਪਣੇ ਕਬਜ਼ੇ ’ਚ ਰੱਖਣ ਦੇ ਦੋਸ਼ਾਂ ਦੀ ਪੜਤਾਲ ਉਪ ਕਪਤਾਨ ਪੁਲਸ, ਸੀ. ਏ. ਡਬਲਯੂ ਐਂਡ ਸੀ. ਲੁਧਿਆਣਾ (ਦਿਹਾਤੀ) ਵਲੋਂ ਕੀਤੀ ਗਈ।

ਦਰਖ਼ਾਸਤ ਦੀ ਪੜਤਾਲੀਆ ਰਿਪੋਰਟ ਤੇ ਕੇਸ ਦੇ ਤੱਥਾਂ ਤੋਂ ਪਾਇਆ ਗਿਆ ਕਿ ਉਕਤ ਵਿਅਕਤੀਆਂ ਨੇ ਦਰਖ਼ਾਸਤੀ ਦੀ ਲੜਕੀ ਨੂੰ ਦਾਜ ਤੇ ਵੀਜ਼ਾ ਵਧਾਉਣ ਸਬੰਧੀ ਕਾਗਜ਼ ਅਪਲਾਈ ਨਾ ਕਰਨਾ ਪਾਇਆ ਗਿਆ ਹੈ।ਇਸ ਸਬੰਧੀ ਕਥਿਤ ਮੁਲਜ਼ਮਾਂ ਮਨਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਅਕਾਲਗੜ੍ਹ ਹਾਲ ਵਾਸੀ ਕੈਨੇਡਾ, ਬਲਵੀਰ ਸਿੰਘ ਪੁੱਤਰ ਜੀਤ ਸਿੰਘ ਤੇ ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀਆਨ ਪਿੰਡ ਅਕਾਲਗੜ੍ਹ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਮਾਮਲੇ ਦੀ ਪੜਤਾਲ ਏ. ਐੱਸ. ਆਈ. ਰਾਜਦੀਪ ਸਿੰਘ ਵਲੋਂ ਕੀਤੀ ਜਾ ਰਹੀ ਹੈ।