- Updated: May 14, 2026 06:59 PM
ਪੰਜਾਬੀ ਫ਼ਿਲਮ ਇੰਡਸਟਰੀ ਦੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਇਕ ਵਾਰ ਫਿਰ ਕਾਨੂੰਨੀ ਮੁਸ਼ਕਿਲਾਂ 'ਚ ਘਿਰ ਗਏ ਹਨ। ਉਨ੍ਹਾਂ ਖ਼ਿਲਾਫ਼ ਚੰਡੀਗੜ੍ਹ ਦੇ ਸੀਨੀਅਰ ਪੁਲਸ ਕਪਤਾਨ (SSP) ਨੂੰ ਇਕ ਰਸਮੀ ਸ਼ਿਕਾਇਤ ਦਰਜ ਕਰਵਾਈ ਗਈ ਹੈ। ਹੁਣ ਉਨ੍ਹਾਂ ਖ਼ਿਲਾਫ਼ ਵਿਵਾਦਿਤ ਡਾਇਲੌਗ ਨੂੰ ਲੈ ਕੇ ਮਾਮਲਾ ਦਰਜ ਹੋ ਗਿਆ ਹੈ। ਇਹ ਮਾਮਲਾ ਇਕ ਫ਼ਿਲਮ ਦੀ ਵਾਇਰਲ ਕਲਿੱਪ ਨਾਲ ਜੁੜਿਆ ਹੋਇਆ ਹੈ, ਜਿਸ 'ਚ ਯੋਗਰਾਜ ਸਿੰਘ ਵੱਲੋਂ ਔਰਤਾਂ ਪ੍ਰਤੀ ਕਥਿਤ ਤੌਰ 'ਤੇ ਭੱਦੀ ਅਤੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ। ਇਹ ਪਰਚਾ ਚੰਡੀਗੜ੍ਹ ਦੇ ਸੈਕਟਰ 36 ਥਾਣੇ ਦੀ ਪੁਲਸ ਨੇ ਦਰਜ ਕੀਤਾ ਹੈ।
ਕੀ ਹੈ ਪੂਰਾ ਵਿਵਾਦ?
ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਯੋਗਰਾਜ ਸਿੰਘ ਇਕ ਮਹਿਲਾ ਪੁਲਸ ਅਧਿਕਾਰੀ ਦੀ ਭੂਮਿਕਾ ਨਿਭਾ ਰਹੀ ਮਹਿਲਾ ਬਾਰੇ ਟਿੱਪਣੀ ਕਰ ਰਹੇ ਹਨ। ਐਡਵੋਕੇਟ ਉੱਜਵਲ ਭਸੀਨ ਵੱਲੋਂ ਦਿੱਤੀ ਗਈ ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਯੋਗਰਾਜ ਸਿੰਘ ਦੀ ਇਹ ਟਿੱਪਣੀ ਔਰਤਾਂ ਦੀ ਮਰਿਆਦਾ ਅਤੇ ਸਨਮਾਨ ਨੂੰ ਠੇਸ ਪਹੁੰਚਾਉਣ ਵਾਲੀ ਹੈ। ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਫ਼ਿਲਮਾਂ 'ਚ ਅਜਿਹੀ ਅਪਮਾਨਜਨਕ ਭਾਸ਼ਾ ਦੀ ਵਰਤੋਂ ਸਮਾਜ 'ਚ ਗਲਤ ਸੰਦੇਸ਼ ਦਿੰਦੀ ਹੈ।
FIR ਅਤੇ ਸਖ਼ਤ ਕਾਰਵਾਈ ਦੀ ਮੰਗ
ਸ਼ਿਕਾਇਤ 'ਚ ਮੰਗ ਕੀਤੀ ਗਈ ਸੀ ਕਿ ਅਦਾਕਾਰ ਯੋਗਰਾਜ ਸਿੰਘ ਦੇ ਨਾਲ-ਨਾਲ ਇਸ ਕੰਟੈਂਟ ਨੂੰ ਬਣਾਉਣ ਵਾਲੇ ਨਿਰਦੇਸ਼ਕ ਅਤੇ ਨਿਰਮਾਤਾਵਾਂ ਖ਼ਿਲਾਫ਼ ਵੀ ਤੁਰੰਤ FIR ਦਰਜ ਕੀਤੀ ਜਾਵੇ। ਸ਼ਿਕਾਇਤ ਕਰਤਾ ਅਨੁਸਾਰ ਅਜਿਹੇ ਅਪਮਾਨਜਨਕ ਕੰਟੈਂਟ ਦੇ ਪ੍ਰਸਾਰਣ 'ਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਅਤੇ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ ਇਸ ਪੂਰੇ ਮਾਮਲੇ 'ਤੇ ਯੋਗਰਾਜ ਸਿੰਘ ਵੱਲੋਂ ਕੋਈ ਵੀ ਅਧਿਕਾਰਤ ਬਿਆਨ ਜਾਂ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਪੁਲਸ ਪ੍ਰਸ਼ਾਸਨ ਨੇ ਸ਼ਿਕਾਇਤ ਦੇ ਮਗਰੋਂ ਹੁਣ ਐੱਫ਼. ਆਈ. ਆਰ. ਦਰਜ ਕਰ ਲਈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਜਲਦੀ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।