CBI ਅਧਿਕਾਰੀ ਤੇ ਪੁਲਸ ਮੁਲਾਜ਼ਮ ਪੰਜਾਬ ਪੁਲਸ ਦੇ ਹੱਥੀਂ ਚੜੇ

 CBI ਅਧਿਕਾਰੀ ਤੇ ਪੁਲਸ ਮੁਲਾਜ਼ਮ ਪੰਜਾਬ ਪੁਲਸ ਦੇ ਹੱਥੀਂ ਚੜੇ

ਪੰਜਾਬ 'ਚ ਲਗਾਤਾਰ ਹੀ ਧੋਖਾਧੜੀ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਇਹ ਧੋਖਾਧੜੀ ਕਰਨ ਵਾਲੇ ਭੋਲੇ ਭਾਲੇ ਲੋਕਾਂ ਨੂੰ ਕਿਸੇ ਨਾ ਕਿਸੇ ਬਹਾਨੇ ਆਪਣੇ ਜਾਲ ਵਿੱਚ ਫਸਾ ਲੈਂਦੇ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਸਕੇ ਭਰਾਵਾਂ ਨੇ ਭੋਲੇ ਭਾਲੇ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ 16 ਲੱਖ ਰੁਪਏ ਦੀ ਠੱਗੀ ਮਾਰੀ ਹੈ, ਜਿਸ ਨੂੰ ਕਿ ਹੁਣ ਅੰਮ੍ਰਿਤਸਰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਸੀ.ਪੀ. ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਦੀ ਗ੍ਰਿਫਤਾਰੀ 'ਚ ਇਹ ਦੋ ਨੌਜਵਾਨ ਸਕੇ ਭਰਾ ਹੈ ਅਤੇ ਇਕ ਨੌਜਵਾਨ ਨਕਲੀ ਸੀਬੀਆਈ ਅਫ਼ਸਰ ਬਣਿਆ ਤੇ ਦੂਸਰਾ ਨੌਜਵਾਨ ਨਕਲੀ ਪੁਲਸ ਮੁਲਾਜ਼ਮ ਬਣਿਆ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਪਹਿਚਾਣ ਅੰਮ੍ਰਿਤਪਾਲ ਸਿੰਘ ਅਤੇ ਅਜੇ ਪਾਲ ਸਿੰਘ ਦੇ ਰੂਪ ਵਿੱਚ ਹੋਈ ਹੈ।

ਉਨ੍ਹਾਂ ਦੱਸਿਆ ਕਿ ਇਹ ਦੋਵੇਂ ਸਕੇ ਭਰਾ ਇੱਕ ਸੀਬੀਆਈ ਦਾ ਨਕਲੀ ਅਫ਼ਸਰ ਅਤੇ ਇਕ ਨਕਲੀ ਪੁਲਸ ਮੁਲਾਜ਼ਮ ਬਣ ਕੇ ਲੋਕਾਂ ਨੂੰ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਠੱਗਦੇ ਸੀ। ਡੀਸੀਪੀ ਆਲਮ ਵਿਜੇ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਮਨਦੀਪ ਸਿੰਘ ਨਾਮਕ ਵਿਅਕਤੀ ਨੇ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੇ ਬੇਟੇ ਨੂੰ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਇਨ੍ਹਾਂ ਦੋਵਾਂ ਸਗੇ ਭਰਾਵਾਂ ਨੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਇਸ ਤੋਂ ਇਲਾਵਾ ਜੈਂਤੀਪੁਰ 'ਚ ਨਿਖਲ ਨਾਮਕ ਨੌਜਵਾਨ ਨੂੰ ਵੀ ਨੌਕਰੀ ਦੇਣ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਵੀ 6 ਲੱਖ ਰੁਪਏ ਦੀ ਠੱਗੀ ਦੋਵਾਂ ਵੱਲੋਂ ਮਾਰੀ ਗਈ ਹੈ।

ਪੁਲਸ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਦੋਵੇਂ ਨੌਜਵਾਨ ਗੁਰਦਾਸਪੁਰ ਦੇ ਰਹਿਣ ਵਾਲੇ ਹਨ ਅਤੇ ਜਦੋਂ ਇਨ੍ਹਾਂ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਇਹ ਸੀਬੀਆਈ ਅਫਸਰ ਲੱਗਿਆ ਅਤੇ ਦੂਸਰਾ ਪੰਜਾਬ ਪੁਲਸ 'ਚ ਪੁਲਸ ਮੁਲਾਜ਼ਮ ਲੱਗਿਆ ਤਾਂ ਪਰਿਵਾਰ ਵੱਲੋਂ ਪੂਰੇ ਪਿੰਡ ਨੂੰ ਸੱਦਾ ਪੱਤਰ ਦੇ ਕੇ ਵੱਡੀ ਪਾਰਟੀ ਵੀ ਕੀਤੀ ਗਈ ਸੀ ਅਤੇ ਉਸ ਤੋਂ ਬਾਅਦ ਇਹਨਾਂ ਵੱਲੋਂ ਲਗਾਤਾਰ ਹੀ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਸਨ।  ਪੁਲਸ ਨੇ ਜਦੋਂ ਇਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਤੇ ਅਜੇ ਪਾਲ ਸਿੰਘ ਕੋਲੋਂ ਸੀਬੀਆਈ ਦਾ ਜਾਅਲੀ ਆਈਡੀ ਕਾਰਡ ਅਤੇ ਸਿਪਾਹੀ ਦੀ ਭਰਤੀ ਸਬੰਧੀ ਤਿਆਰ ਕੀਤੇ ਗਏ ਪੱਤਰ ਅਤੇ 2 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਹੋਈ ਹੈ ਅਤੇ ਅੰਮ੍ਰਿਤ ਪਾਲ ਸਿੰਘ  ਕੋਲੋਂ ਪੰਜਾਬ ਪੁਲਸ ਦੀ ਸਿਪਾਹੀ ਦੀ ਵਰਦੀ ਅਤੇ ਉਸ 'ਤੇ ਲੱਗਾ ਬੈਚ, ਨੇਮ ਪਲੇਟ, ਪੁਲਸ ਦੀ ਪੀਪੀ ਲਿਖੇ ਬੱਕਲ ਵਾਲੀ ਕਾਲੀ ਬੈਲਟ ਅਤੇ ਪੁਲਸ ਦੀ ਵਰਦੀ ਵਾਲੀ ਪੱਗ ਵੀ ਬਰਾਮਦ ਹੋਈ ਹੈ। ਫਿਲਹਾਲ ਪੁਲਸ ਨੇ ਇਨ੍ਹਾਂ ਦੋਵਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਪੁਲਸ ਵੱਲੋਂ ਕੀਤੀ ਜਾ ਰਹੀ ਹੈ।