ਨੈਸਲੇ ਦੇ ਬਾਲ ਉਤਪਾਦਾਂ ’ਚ ਖੰਡ ਬਾਰੇ ਸੀ.ਸੀ.ਪੀ.ਏ. ਨੇ ਐਫ.ਐਸ.ਐਸ.ਏ.ਆਈ. ਨੂੰ ਰੀਪੋਰਟ ਦਾ ਨੋਟਿਸ ਲੈਣ ਲਈ ਕਿਹਾ

ਨੈਸਲੇ ਦੇ ਬਾਲ ਉਤਪਾਦਾਂ ’ਚ ਖੰਡ ਬਾਰੇ ਸੀ.ਸੀ.ਪੀ.ਏ. ਨੇ ਐਫ.ਐਸ.ਐਸ.ਏ.ਆਈ. ਨੂੰ ਰੀਪੋਰਟ ਦਾ ਨੋਟਿਸ ਲੈਣ ਲਈ ਕਿਹਾ

ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀ.ਸੀ.ਪੀ.ਏ.) ਨੇ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਪਦੰਡ ਅਥਾਰਟੀ (ਐਫ.ਐਸ.ਐਸ.ਏ.ਆਈ.) ਨੂੰ ਨੈਸਲੇ ਇੰਡੀਆ ਵਲੋਂ ਘੱਟ ਵਿਕਸਤ ਦੇਸ਼ਾਂ ’ਚ ਖੰਡ ਦੀ ਉੱਚ ਮਾਤਰਾ ਵਾਲੇ ਬਾਲ ਉਤਪਾਦ ਵੇਚਣ ਦੀਆਂ ਰੀਪੋਰਟਾਂ ’ਤੇ ਗੌਰ ਕਰਨ ਲਈ ਕਿਹਾ ਹੈ। 

ਸਵਿਸ ਐਨ.ਜੀ.ਓ. ਪਬਲਿਕ ਆਈ ਅਤੇ ਇੰਟਰਨੈਸ਼ਨਲ ਬੇਬੀ ਫੂਡ ਐਕਸ਼ਨ ਨੈੱਟਵਰਕ (ਆਈ.ਬੀ.ਐਫ.ਏ.ਐਨ.) ਦੀ ਇਕ ਰੀਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਨੈਸਲੇ ਨੇ ਯੂਰਪ ਦੇ ਬਾਜ਼ਾਰਾਂ ਦੇ ਮੁਕਾਬਲੇ ਭਾਰਤ ਸਮੇਤ ਘੱਟ ਵਿਕਸਤ ਦਖਣੀ ਏਸ਼ੀਆਈ ਦੇਸ਼ਾਂ, ਅਫਰੀਕੀ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਖੰਡ ਦੀ ਮਾਤਰਾ ਜ਼ਿਆਦਾ ਵੇਚੀ ਹੈ। 

ਖਪਤਕਾਰ ਮਾਮਲਿਆਂ ਦੀ ਸਕੱਤਰ ਅਤੇ ਕੇਂਦਰੀ ਖਪਤਕਾਰ ਸੁਰੱਖਿਆ ਅਥਾਰਟੀ (ਸੀ.ਸੀ.ਪੀ.ਏ.) ਦੀ ਚੇਅਰਪਰਸਨ ਨਿਧੀ ਖਰੇ ਨੇ ਕਿਹਾ, ‘‘ਅਸੀਂ ਨੈਸਲੇ ਦੇ ਬੇਬੀ ਪ੍ਰੋਡਕਟ ’ਤੇ ਰੀਪੋਰਟ ਦਾ ਨੋਟਿਸ ਲੈਣ ਲਈ ਐਫ.ਐਸ.ਐਸ.ਏ.ਆਈ. ਨੂੰ ਚਿੱਠੀ ਲਿਖੀ ਹੈ। ਖਰੇ ਨੇ ਐਫ.ਐਸ.ਐਸ.ਏ.ਆਈ. ਨੂੰ ਲਿਖੀ ਚਿੱਠੀ ’ਚ ਕਿਹਾ ਕਿ ਖਪਤਕਾਰ ਮਾਮਲਿਆਂ ਦੇ ਵਿਭਾਗ ਨੂੰ ਵੱਖ-ਵੱਖ ਖ਼ਬਰਾਂ ਰਾਹੀਂ ਨੈਸਲੇ ਦੀ ਕੰਪਨੀ ਦੇ ਭਾਰਤ ’ਚ ਕੰਮ ਕਰਨ ਬਾਰੇ ਜਾਣਕਾਰੀ ਮਿਲੀ ਹੈ, ਖਾਸ ਕਰ ਕੇ ਨੈਸਲੇ ਸੇਰੇਲੈਕ ਦੇ ਸਬੰਧ ਵਿੱਚ।’’

ਉਨ੍ਹਾਂ ਕਿਹਾ ਕਿ ਖ਼ਬਰਾਂ ਮੁਤਾਬਕ ਸਵਿਟਜ਼ਰਲੈਂਡ ਸਥਿਤ ਸੰਗਠਨ ਨੇ ਭਾਰਤ ’ਚ ਨੈਸਲੇ ਦੇ ਨਿਰਮਾਣ ਅਭਿਆਸਾਂ ਨੂੰ ਉਜਾਗਰ ਕਰਦੇ ਹੋਏ ਇਕ ਰੀਪੋਰਟ ਸੌਂਪੀ ਹੈ। ਖਰੇ ਨੇ ਕਿਹਾ, ‘‘ਰੀਪੋਰਟ ਮੁਤਾਬਕ ਨੈਸਲੇ ’ਤੇ ਭਾਰਤ ’ਚ ਵੇਚੇ ਜਾਣ ਵਾਲੇ ਨੈਸਲੇ ਸੇਰੇਲੈਕ ’ਚ ਇਕੋ ਭੋਜਨ ’ਚ 2.7 ਗ੍ਰਾਮ ਖੰਡ ਮਿਲਾਉਣ ਦਾ ਦੋਸ਼ ਹੈ, ਜੋ ਜਰਮਨੀ, ਸਵਿਟਜ਼ਰਲੈਂਡ, ਫਰਾਂਸ ਅਤੇ ਬਰਤਾਨੀਆਂ ਵਰਗੇ ਹੋਰ ਦੇਸ਼ਾਂ ’ਚ ਨਹੀਂ ਕੀਤਾ ਜਾ ਰਿਹਾ।’’

ਸਕੱਤਰ ਨੇ ਕਿਹਾ, ‘‘ਬਾਲ ਉਤਪਾਦਾਂ ’ਚ ਜ਼ਿਆਦਾ ਖੰਡ ਸਾਡੇ ਦੇਸ਼ ’ਚ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ’ਤੇ ਸੰਭਾਵਤ ਅਸਰ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦੀ ਹੈ। ਸਾਡੇ ਨਾਗਰਿਕਾਂ, ਖਾਸ ਕਰ ਕੇ ਨਵਜੰਮੇ ਬੱਚਿਆਂ ਅਤੇ ਛੋਟੇ ਬੱਚਿਆਂ ਦੀ ਸਿਹਤ ਬਹੁਤ ਮਹੱਤਵਪੂਰਨ ਹੈ। ਸੁਰੱਖਿਆ ਮਾਪਦੰਡਾਂ ਨਾਲ ਕੋਈ ਵੀ ਛੇੜਛਾੜ ਗੰਭੀਰ ਸਿਹਤ ਚਿੰਤਾਵਾਂ ਦਾ ਕਾਰਨ ਬਣ ਸਕਦੀ ਹੈ।’’

ਖਰੇ ਨੇ ਕਿਹਾ ਕਿ ਐਫ.ਐਸ.ਐਸ.ਏ.ਆਈ. ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਭਾਰਤ ’ਚ ਵੇਚੇ ਜਾਣ ਵਾਲੇ ਨੈਸਲੇ ਸੇਰੇਲੈਕ ਬਾਲ ਅਨਾਜ ਦੇ ਸਬੰਧ ’ਚ ਨੈਸਲੇ ਕੰਪਨੀ ਦੇ ਅਭਿਆਸਾਂ ’ਤੇ ਉਚਿਤ ਕਾਰਵਾਈ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਐਫ.ਐਸ.ਐਸ.ਏ.ਆਈ. ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਤੱਥ ਸਾਹਮਣੇ ਲਿਆਉਣੇ ਚਾਹੀਦੇ ਹਨ।

ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (ਐਫ.ਐਸ.ਐਸ.ਏ.ਆਈ.) ਸਿਹਤ ਅਤੇ ਪਰਵਾਰ ਭਲਾਈ ਮੰਤਰਾਲੇ ਦੇ ਅਧੀਨ ਇਕ ਕਾਨੂੰਨੀ ਸੰਸਥਾ ਹੈ। ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐਨ.ਸੀ.ਪੀ.ਸੀ.ਆਰ.) ਨੇ ਵੀ ਰੀਪੋਰਟ ਦਾ ਨੋਟਿਸ ਲਿਆ ਹੈ ਅਤੇ ਐਫ.ਐਸ.ਐਸ.ਏ.ਆਈ. ਨੂੰ ਨੋਟਿਸ ਜਾਰੀ ਕੀਤਾ ਹੈ। 

ਇਸ ਦੌਰਾਨ ਨੇਸਲੇ ਇੰਡੀਆ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਪਿਛਲੇ ਪੰਜ ਸਾਲਾਂ ’ਚ ਭਾਰਤ ’ਚ ਬੇਬੀ ਫੂਡ ਪ੍ਰੋਡਕਟਸ ’ਚ ਸ਼ੂਗਰ ’ਚ 30 ਫੀ ਸਦੀ ਦੀ ਕਮੀ ਕੀਤੀ ਹੈ। ਉਨ੍ਹਾਂ ਕਿਹਾ ਕਿ ਖੰਡ ਘਟਾਉਣਾ ਨੈਸਲੇ ਇੰਡੀਆ ਦੀ ਤਰਜੀਹ ਹੈ। ਪਿਛਲੇ ਪੰਜ ਸਾਲਾਂ ’ਚ ਅਸੀਂ ਉਤਪਾਦ-ਵਾਰ ਆਧਾਰ ’ਤੇ ਖੰਡ ਦੀ ਕੀਮਤ ’ਚ 30 ਫੀ ਸਦੀ ਦੀ ਕਟੌਤੀ ਕੀਤੀ ਹੈ। 

ਬੁਲਾਰੇ ਨੇ ਕਿਹਾ, ‘‘ਅਸੀਂ ਨਿਯਮਿਤ ਤੌਰ ’ਤੇ ਅਪਣੇ ਉਤਪਾਦਾਂ ਦੀ ਸਮੀਖਿਆ ਕਰਦੇ ਹਾਂ ਅਤੇ ਪੋਸ਼ਣ, ਗੁਣਵੱਤਾ, ਸੁਰੱਖਿਆ ਅਤੇ ਸਵਾਦ ਨਾਲ ਸਮਝੌਤਾ ਕੀਤੇ ਬਿਨਾਂ ਸ਼ੂਗਰ ਦੇ ਪੱਧਰ ਨੂੰ ਘਟਾਉਣ ਲਈ ਅਪਣੇ ਉਤਪਾਦਾਂ ’ਚ ਸੁਧਾਰ ਕਰਦੇ ਹਾਂ।’’

ਨੈਸਲੇ ਇੰਡੀਆ ਨੇ ਦਾਅਵਾ ਕੀਤਾ ਕਿ ਉਸ ਦੇ ਬੱਚਿਆਂ ਦੇ ਅਨਾਜ ਉਤਪਾਦਾਂ ਦਾ ਨਿਰਮਾਣ ਇਹ ਯਕੀਨੀ ਬਣਾਉਣ ਲਈ ਕੀਤਾ ਜਾਂਦਾ ਹੈ ਕਿ ਬੱਚਿਆਂ ’ਚ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ, ਖਣਿਜ, ਆਇਰਨ ਆਦਿ ਵਰਗੀਆਂ ਪੋਸ਼ਣ ਸਬੰਧੀ ਜ਼ਰੂਰਤਾਂ ਪੂਰੀਆਂ ਹੋਣ। ਨੈਸਲੇ ਨੇ ਕਿਹਾ, ‘‘ਅਸੀਂ ਅਪਣੇ ਉਤਪਾਦਾਂ ਦੇ ਪੋਸ਼ਣ ਮਿਆਰ ਨਾਲ ਕਦੇ ਸਮਝੌਤਾ ਨਹੀਂ ਕਰਦੇ ਅਤੇ ਨਾ ਹੀ ਕਰਾਂਗੇ। ਅਸੀਂ ਅਪਣੇ ਉਤਪਾਦਾਂ ਦੀ ਪੋਸ਼ਣ ਮਿਆਰ ਨੂੰ ਵਧਾਉਣ ਲਈ ਲਗਾਤਾਰ ਅਪਣੇ ਵਿਆਪਕ ਗਲੋਬਲ ਆਰ ਐਂਡ ਡੀ ਨੈਟਵਰਕ ਦੀ ਮਦਦ ਲੈਂਦੇ ਹਾਂ।’’

ਨੇਸਲੇ ਇੰਡੀਆ ਨੇ ਕਿਹਾ ਕਿ ਉਹ ‘ਅਪਣੇ ਖਪਤਕਾਰਾਂ ਨੂੰ ਸੱਭ ਤੋਂ ਵਧੀਆ ਪੋਸ਼ਣ ਪ੍ਰਦਾਨ ਕਰਨ ਲਈ ਵਚਨਬੱਧ ਹੈ ਜੋ ਅਸੀਂ 100 ਸਾਲਾਂ ਤੋਂ ਵੱਧ ਸਮੇਂ ਤੋਂ ਕਰ ਰਹੇ ਹਾਂ। ਅਸੀਂ ਅਪਣੇ ਉਤਪਾਦਾਂ ’ਚ ਪੋਸ਼ਣ ਦੇ ਮਿਆਰ ਅਤੇ ਸੁਰੱਖਿਆ ਦੇ ਉੱਚਤਮ ਮਿਆਰਾਂ ਨੂੰ ਬਣਾਈ ਰੱਖਣ ਲਈ ਵਚਨਬੱਧ ਹਾਂ।’

ਰੀਪੋਰਟ ’ਚ ਵੱਖ-ਵੱਖ ਦੇਸ਼ਾਂ ’ਚ ਵੇਚੇ ਜਾਣ ਵਾਲੇ ਲਗਭਗ 150 ਵੱਖ-ਵੱਖ ਬਾਲ ਉਤਪਾਦਾਂ ਦਾ ਅਧਿਐਨ ਕੀਤਾ ਗਿਆ ਸੀ। ਛੇ ਮਹੀਨੇ ਤੋਂ ਘੱਟ ਉਮਰ ਦੇ ਬੱਚਿਆਂ ਲਈ ਨੈਸਲੇ ਦੀ ਕਣਕ ਅਧਾਰਤ ਸੇਰੇਲੈਕ ਯੂ.ਕੇ. ਅਤੇ ਜਰਮਨੀ ’ਚ ਬਿਨਾਂ ਖੰਡ ਦੇ ਵੇਚੀ ਜਾਂਦੀ ਹੈ, ਪਰ ਭਾਰਤ ਤੋਂ ਵਿਸ਼ਲੇਸ਼ਣ ਕੀਤੇ ਗਏ 15 ਸੇਰੇਲੈਕ ਉਤਪਾਦਾਂ ’ਚ ਪ੍ਰਤੀ ਸੇਵਾ ਔਸਤਨ 2.7 ਗ੍ਰਾਮ ਖੰਡ ਸੀ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਪੈਕੇਜਿੰਗ ’ਤੇ ਖੰਡ ਦੀ ਮਾਤਰਾ ਦੀ ਰੀਪੋਰਟ ਕੀਤੀ ਗਈ ਸੀ। ਉਤਪਾਦ ਵਿਚ ਸੱਭ ਤੋਂ ਵੱਧ ਖੰਡ ਥਾਈਲੈਂਡ ਵਿਚ ਛੇ ਗ੍ਰਾਮ ਪਾਈ ਗਈ। ਫਿਲੀਪੀਨਜ਼ ਵਿਚ ਅੱਠ ਨਮੂਨਿਆਂ ਵਿਚੋਂ ਪੰਜ ਵਿਚ 7.3 ਗ੍ਰਾਮ ਖੰਡ ਸੀ ਅਤੇ ਪੈਕੇਜਿੰਗ ’ਤੇ ਜਾਣਕਾਰੀ ਦਾ ਐਲਾਨ ਨਹੀਂ ਕੀਤਾ ਗਿਆ ਸੀ।