133 ਟਰੇਨਾਂ ਕਿਸਾਨ ਅੰਦੋਲਨ ਕਾਰਨ ਹੋਇਆ ਪ੍ਰਭਾਵਿਤ, 56 ਰੇਲ ਗੱਡੀਆਂ ਦੇ ਬਦਲੇ ਰੂਟ, ਯਾਤਰੀ ਪ੍ਰੇਸ਼ਾਨ

 133 ਟਰੇਨਾਂ ਕਿਸਾਨ ਅੰਦੋਲਨ ਕਾਰਨ ਹੋਇਆ ਪ੍ਰਭਾਵਿਤ, 56 ਰੇਲ ਗੱਡੀਆਂ ਦੇ ਬਦਲੇ ਰੂਟ, ਯਾਤਰੀ ਪ੍ਰੇਸ਼ਾਨ

ਹਰਿਆਣਾ ਪੁਲਸ ਵੱਲੋਂ ਝੂਠੇ ਮੁਕੱਮਦਿਆਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਸ਼ੰਭੂ ਰੇਲਵੇ ਟਰੈਕ 'ਤੇ ਦੂਜੇ ਦਿਨ ਵੀ ਧਰਨਾ ਜਾਰੀ ਰਿਹਾ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਰਿਆਣਾ-ਪੰਜਾਬ ਦੀ ਸਰਹੱਦ 'ਤੇ ਪੈਂਦੇ ਸ਼ੰਭੂ ਵਿਚ ਰੇਲਵੇ ਟਰੈਕ 'ਤੇ ਪੰਜਾਬ ਦੇ ਕਿਸਾਨਾਂ ਦਾ ਧਰਨਾ ਜਾਰੀ ਰਹਿਣ ਕਾਰਨ ਫ਼ਿਰੋਜ਼ਪੁਰ ਡਿਵੀਜ਼ਨ, ਅੰਬਾਲਾ ਡਿਵੀਜ਼ਨ ਅਤੇ ਬੀਕਾਨੇਰ ਡਿਵੀਜ਼ਨ ਦੀਆਂ ਰੇਲ ਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਰਿਹਾ। 

ਦੱਸ ਦੇਈਏ ਕਿ ਇਸ ਦੌਰਾਨ ਤਿੰਨਾਂ ਡਿਵੀਜ਼ਨਾਂ ਦੀਆਂ ਕੁੱਲ 133 ਟਰੇਨਾਂ ਪ੍ਰਭਾਵਿਤ ਹੋਈਆਂ। 56 ਟਰੇਨਾਂ ਨੂੰ ਰੱਦ ਕਰਨਾ ਪਿਆ, ਜਦੋਂ ਕਿ 15 ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਸੀ ਅਤੇ 62 ਨੂੰ ਡਾਇਵਰਟ ਰੂਟ ਦੁਆਰਾ ਚਲਾਇਆ ਗਿਆ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਵੀ 81 ਟਰੇਨਾਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਸੀ। ਵੀਰਵਾਰ ਨੂੰ ਉਨ੍ਹਾਂ ਦੀ ਗਿਣਤੀ 130 ਨੂੰ ਪਾਰ ਕਰ ਗਈ। ਰੇਲ ਟ੍ਰੈਕ ਜਾਮ ਹੋਣ ਕਾਰਨ ਤਿੰਨ ਰਾਜਾਂ ਹਰਿਆਣਾ, ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜਾਣ ਵਾਲੀਆਂ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। 

ਵੀਰਵਾਰ ਨੂੰ ਪੰਜਾਬ ਅਤੇ ਜੰਮੂ-ਕਸ਼ਮੀਰ ਨੂੰ ਜਾਣ ਵਾਲੀਆਂ ਕੁਝ ਟਰੇਨਾਂ ਨੂੰ ਚੰਡੀਗੜ੍ਹ ਰਾਹੀਂ ਵੀ ਭੇਜਿਆ ਗਿਆ। ਇਸ ਕਿਸਾਨੀ ਅੰਦੋਲਨ ਕਾਰਨ ਆਰਪੀਐੱਫ ਅਤੇ ਜੀਆਰਪੀ ਦੇ ਜਵਾਨਾਂ ਵਲੋਂ ਵੀ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਰੇਲਵੇ ਟਰੈਕ ਦੇ ਨਾਲ-ਨਾਲ ਗਸ਼ਤ ਵੀ ਵਧਾ ਦਿੱਤੀ ਗਈ ਹੈ ਅਤੇ ਪੰਜਾਬ ਨਾਲ ਲੱਗਦੀ ਰੇਲਵੇ ਲਾਈਨ 'ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਰੇਲਵੇ ਸਟੇਸ਼ਨਾਂ 'ਤੇ ਸਾਦੇ ਕੱਪੜਿਆਂ 'ਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।