ਈਰਾਨ ''ਤੇ ਇਜ਼ਰਾਈਲ ਨੇ ਕੀਤਾ ਮਿਜ਼ਾਈਲ ਹਮਲਾ; ਦੇਸ਼ ਦੇ ਕਈ ਹਿੱਸਿਆਂ ਵਿਚ ਧਮਾਕਿਆਂ ਦੀ ਗੂੰਜ

ਈਰਾਨ ''ਤੇ ਇਜ਼ਰਾਈਲ ਨੇ ਕੀਤਾ ਮਿਜ਼ਾਈਲ ਹਮਲਾ; ਦੇਸ਼ ਦੇ ਕਈ ਹਿੱਸਿਆਂ ਵਿਚ ਧਮਾਕਿਆਂ ਦੀ ਗੂੰਜ

ਦੋ ਅਮਰੀਕੀ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਨੇ ਈਰਾਨ 'ਤੇ ਮਿਜ਼ਾਈਲ ਨਾਲ ਹਮਲਾ ਕੀਤਾ ਹੈ। ਅਮਰੀਕੀ ਅਧਿਕਾਰੀਆਂ ਨੇ ਇਹ ਜਾਣਕਾਰੀ ਬੀਬੀਸੀ ਨੂੰ ਦਿਤੀ ਹੈ। ਈਰਾਨ ਦੇ ਸਰਕਾਰੀ ਮੀਡੀਆ ਦਾ ਕਹਿਣਾ ਹੈ ਕਿ ਦੇਸ਼ ਦੀ ਹਵਾਈ ਰੱਖਿਆ ਪ੍ਰਣਾਲੀ ਨੂੰ ਕਈ ਸੂਬਿਆਂ 'ਚ ਸਰਗਰਮ ਕਰ ਦਿਤਾ ਗਿਆ ਹੈ।

ਈਰਾਨ ਦੇ ਸਰਕਾਰੀ ਮੀਡੀਆ ਆਈਆਰਆਈਬੀ ਨੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਧਮਾਕਿਆਂ ਦੀ ਆਵਾਜ਼ ਸੁਣੀ ਗਈ। ਈਰਾਨ ਦੀ ਇਕ ਨਿਊਜ਼ ਏਜੰਸੀ ਮੁਤਾਬਕ ਸ਼ੁੱਕਰਵਾਰ ਸਵੇਰੇ ਈਰਾਨ ਦੇ ਉੱਤਰ-ਪੱਛਮੀ ਸ਼ਹਿਰ ਇਸਫਹਾਨ 'ਚ ਧਮਾਕੇ ਦੀ ਆਵਾਜ਼ ਸੁਣਾਈ ਦਿਤੀ।ਇਸਫਾਹਾਨ ਵਿਚ ਈਰਾਨੀ ਸੈਨਾ ਦਾ ਇਕ ਵੱਡਾ ਹਵਾਈ ਅੱਡਾ ਹੈ ਅਤੇ ਇਸ ਖੇਤਰ ਵਿਚ ਪ੍ਰਮਾਣੂ ਹਥਿਆਰਾਂ ਨਾਲ ਸਬੰਧਤ ਕਈ ਮਹੱਤਵਪੂਰਨ ਅੱਡੇ ਵੀ ਹਨ।

ਈਰਾਨ ਦੇ ਸਰਕਾਰੀ ਮੀਡੀਆ ਨੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪ੍ਰਮਾਣੂ ਹਥਿਆਰਾਂ ਨਾਲ ਜੁੜੀਆਂ ਥਾਵਾਂ ਸੁਰੱਖਿਅਤ ਹਨ। ਸਮਾਚਾਰ ਏਜੰਸੀ ਏਪੀ ਦੇ ਅਨੁਸਾਰ, ਈਰਾਨੀ ਮੀਡੀਆ ਵਿਚ ਇਹ ਵੀ ਖਬਰਾਂ ਹਨ ਕਿ ਕਈ ਸ਼ਹਿਰਾਂ ਵਿਚ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਜਿਨ੍ਹਾਂ ਸ਼ਹਿਰਾਂ ਵਿਚ ਉਡਾਣਾਂ ਰੱਦ ਕੀਤੀਆਂ ਗਈਆਂ ਹਨ ਉਨ੍ਹਾਂ ਵਿਚ ਤਹਿਰਾਨ, ਸ਼ਿਰਾਜ਼ ਅਤੇ ਇਸਫਹਾਨ ਸ਼ਾਮਲ ਹਨ।

ਇਸ ਤੋਂ ਪਹਿਲਾਂ ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਨੇ ਕਿਹਾ ਸੀ ਕਿ ਇਜ਼ਰਾਈਲ ਵਲੋਂ ਕੀਤੀ ਗਈ ਕਿਸੇ ਵੀ ਜਵਾਬੀ ਕਾਰਵਾਈ ਦਾ ਤੁਰੰਤ ਅਤੇ ਵੱਡੇ ਪੱਧਰ 'ਤੇ ਜਵਾਬ ਦਿਤਾ ਜਾਵੇਗਾ।

ਈਰਾਨ ਨੇ ਇਜ਼ਰਾਈਲ 'ਤੇ ਕੀਤਾ ਸੀ ਹਮਲਾ

ਪਿਛਲੇ ਐਤਵਾਰ, ਈਰਾਨ ਨੇ ਇਜ਼ਰਾਈਲ 'ਤੇ ਲਗਭਗ 300 ਮਿਜ਼ਾਈਲਾਂ ਅਤੇ ਡਰੋਨ ਦਾਗੇ ਸਨ। ਇਜ਼ਰਾਈਲ ਨੇ ਈਰਾਨ ਵਲੋਂ ਦਾਗੇ ਗਏ ਸਾਰੇ ਡਰੋਨ ਅਤੇ ਮਿਜ਼ਾਈਲਾਂ ਨੂੰ ਡੇਗਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਇਸ ਤੋਂ ਬਾਅਦ ਹੀ ਇਜ਼ਰਾਈਲ ਇਹ ਦਾਅਵਾ ਕਰ ਰਿਹਾ ਸੀ ਕਿ ਸਹੀ ਸਮਾਂ ਆਉਣ 'ਤੇ ਉਹ ਈਰਾਨ ਦੀਆਂ ਕਾਰਵਾਈਆਂ ਦਾ ਜਵਾਬ ਜ਼ਰੂਰ ਦੇਵੇਗਾ। 1 ਅਪ੍ਰੈਲ ਨੂੰ ਸੀਰੀਆ ਦੀ ਰਾਜਧਾਨੀ ਦਮਿਸ਼ਕ 'ਚ ਈਰਾਨੀ ਦੂਤਘਰ 'ਤੇ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਇਕ ਸੀਨੀਅਰ ਜਨਰਲ ਸਮੇਤ ਕੁੱਲ 13 ਲੋਕ ਮਾਰੇ ਗਏ ਸਨ। ਈਰਾਨ ਨੇ ਇਸ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ, ਇਜ਼ਰਾਈਲ ਨੇ ਇਸ ਹਮਲੇ ਦੀ ਸਿੱਧੇ ਤੌਰ 'ਤੇ ਜ਼ਿੰਮੇਵਾਰੀ ਨਹੀਂ ਲਈ ਹੈ।