ਭੂਪੇਸ਼ ਬਘੇਲ ਨਾਲ ਅੱਜ ਚੰਨੀ ਧੜੇ ਦੀ ਅਹਿਮ ਮੀਟਿੰਗ, ਰਾਜਾ ਵੜਿੰਗ ਰਹਿਣਗੇ ਗੈਰਹਾਜ਼ਰ।

ਭੂਪੇਸ਼ ਬਘੇਲ ਨਾਲ ਅੱਜ ਚੰਨੀ ਧੜੇ ਦੀ ਅਹਿਮ ਮੀਟਿੰਗ, ਰਾਜਾ ਵੜਿੰਗ ਰਹਿਣਗੇ ਗੈਰਹਾਜ਼ਰ।

ਪੰਜਾਬ ਕਾਂਗਰਸ ਦੇ ਅੰਦਰ ਲੰਬੇ ਸਮੇਂ ਤੋਂ ਚੱਲ ਰਹੇ ਅੰਦਰੂਨੀ ਕਲੇਸ਼ ਦੇ ਵਿਚਕਾਰ ਪਾਰਟੀ ਇੰਚਾਰਜ ਭੁਪੇਸ਼ ਬਘੇਲ ਅੱਜ ਚੰਨੀ ਧੜੇ ਨਾਲ ਉਨ੍ਹਾਂ ਦੀਆਂ ਸ਼ਰਤਾਂ ਦੇ ਆਧਾਰ ‘ਤੇ ਮੁਲਾਕਾਤ ਕਰਨਗੇ। ਇਹ ਮੀਟਿੰਗ ਚੰਡੀਗੜ੍ਹ ਵਿੱਚ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਘਰ ‘ਤੇ ਹੋਵੇਗੀ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਅਤੇ ਰਾਣਾ ਗੁਰਜੀਤ ਦੇ ਨਾਲ ਸ਼ਾਮਲ ਹੋਣਗੇ। ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋਵੇਗੀ।

ਜਾਣਕਾਰੀ ਮੁਤਾਬਕ ਮੀਟਿੰਗ ਵਿਚ ਪ੍ਰਤਾਪ ਸਿੰਘ ਬਾਜਵਾ ਵੀ ਸ਼ਾਮਲ ਹੋਣਗੇ। ਰਾਣਾ ਗੁਰਜੀਤ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਮੀਟਿੰਗ ਵਿਚ ਆਉਣ ਲਈ ਫੋਨ ਕੀਤਾ। ਪ੍ਰਤਾਪ ਬਾਜਵਾ ਸਵੇਰੇ 11 ਵਜੇ ਰਾਣਾ ਗੁਰਜੀਤ ਦੇ ਘਰ ਜਾਣਗੇ।

ਰਿਪੋਰਟਾਂ ਮੁਤਾਬਕ ਮੀਟਿੰਗ ਤੋਂ ਪਹਿਲਾਂ ਭੁਪੇਸ਼ ਬਘੇਲ ਨੇ ਚੰਨੀ ਧੜੇ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਜੇ ਹੱਦ ਟੱਪੀ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਬਘੇਲ ਨੇ ਰਾਜਾ ਵੜਿੰਗ ਨੂੰ ਇਹ ਵੀ ਦੱਸਿਆ ਕਿ ਉਹ ਚੰਨੀ ਧੜੇ ਨਾਲ ਵਨ-ਟੂ-ਵਨ ਮੀਟਿੰਗ ਕਰਨਗੇ।

ਦੂਜੇ ਪਾਸੇ ਚੰਨੀ ਧੜੇ ਨੇ ਸਪੱਸ਼ਟ ਕੀਤਾ ਹੈ ਕਿ ਹਾਈਕਮਾਨ ਨੂੰ ਮਿਲਣ ਤੋਂ ਪਹਿਲਾਂ, ਉਹ ਭੁਪੇਸ਼ ਬਘੇਲ ਨਾਲ ਮੀਟਿੰਗ ਵਿੱਚ ਆਪਣੇ ਵਿਚਾਰ ਪੇਸ਼ ਕਰਨਗੇ ਅਤੇ ਫਿਰ ਦਿੱਲੀ ਵਿੱਚ ਹਾਈਕਮਾਨ ਨਾਲ ਮੁਲਾਕਾਤ ਕਰਨਗੇ। ਚੰਨੀ ਧੜਾ ਰਾਹੁਲ ਗਾਂਧੀ ਦੇ ਵਿਦੇਸ਼ ਦੌਰੇ ਤੋਂ ਵਾਪਸ ਆਉਣ ਦੀ ਉਡੀਕ ਕਰ ਰਿਹਾ ਹੈ।

ਦੱਸ ਦੇਈਏ ਕਿ ਭੂਪੇਸ਼ ਬਘੇਲ ਨੇ ਪ੍ਰਤਾਪ ਸਿੰਘ ਬਾਜਵਾ ਨਾਲ ਹੋਈ ਪਹਿਲੀ ਮੀਟਿੰਗ ਤੋਂ ਇਲਾਵਾ ਹਰ ਬੈਠਕ ਵਿਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਪਣੇ ਨਾਲ ਰੱਖਿਆ। ਇਸ ਲਈ, ਚੰਨੀ ਧੜੇ ਨੇ ਬਘੇਲ ਨਾਲ ਮੁਲਾਕਾਤ ਤੋਂ ਪਹਿਲਾਂ ਸ਼ਰਤ ਰੱਖੀ ਕਿ ਉਹ ਵੜਿੰਗ ਨੂੰ ਮੀਟਿੰਗ ਵਿੱਚ ਨਾ ਲਿਆਉਣ। ਬਘੇਲ ਨੇ ਵੜਿੰਗ ਨੂੰ ਵੀ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੰਨੀ ਧੜੇ ਨਾਲ ਮੀਟਿੰਗ ਵਿੱਚ ਇਕੱਲੇ ਜਾਣਗੇ ਤਾਂ ਜੋ ਸਾਰੇ ਵਿਵਾਦਪੂਰਨ ਮੁੱਦਿਆਂ ‘ਤੇ ਖੁੱਲ੍ਹ ਕੇ ਚਰਚਾ ਕੀਤੀ ਜਾ ਸਕੇ।

ਬਘੇਲ ਦਾ ਮੰਨਣਾ ਹੈ ਕਿ ਜੇਕਰ ਇਸ ਵਨ-ਟੂ- ਵਨ ਮੀਟਿੰਗ ਦਾ ਕੋਈ ਠੋਸ ਅਤੇ ਸਕਾਰਾਤਮਕ ਫੈਸਲਾ ਨਿਕਲਦਾ ਹੈ ਅਤੇ ਚੰਨੀ ਧੜੇ ਦੇ ਆਗੂ ਰਾਜਾ ਵੜਿੰਗ ਨਾਲ ਹੋਰ ਚਰਚਾ ਕਰਨ ਲਈ ਸਹਿਮਤ ਹੋ ਜਾਂਦੇ ਹਨ, ਤਾਂ ਹੀ ਉਹ ਵੜਿੰਗ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਬੁਲਾਉਣਗੇ।

ਭੂਪੇਸ਼ ਬਘੇਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਅੱਜ ਇਸ ਪੂਰੀ ਗੱਲਬਾਤ ਅਤੇ ਮੀਟਿੰਗਾਂ ਨੂੰ ਖਤਮ ਕਰਨ ਤੋਂ ਤੁਰੰਤ ਬਾਅਦ ਦਿੱਲੀ ਰਵਾਨਾ ਹੋ ਜਾਣਗੇ। ਦਿੱਲੀ ਦਰਬਾਰ ਵਿੱਚ ਪੇਸ਼ ਹੋ ਕੇ ਉਹ ਹਾਈਕਮਾਨ ਨੂੰ ਇੱਕ ‘ਸੀਕ੍ਰੇਟ’ ਰਿਪੋਰਟ ਪੇਸ਼ ਕਰਨਗੇ, ਜਿਸ ਵਿੱਚ ਪੰਜਾਬ ਦੇ ਸਾਰੇ ਧੜਿਆਂ ਦੀ ਅਸੰਤੁਸ਼ਟੀ, ਉਨ੍ਹਾਂ ਦੀਆਂ ਸਥਿਤੀਆਂ ਅਤੇ ਸੰਗਠਨਾਤਮਕ ਸਥਿਤੀ ਦਾ ਵੇਰਵਾ ਦਿੱਤਾ ਜਾਵੇਗਾ।