- Updated: November 17, 2026 07:38 PM
ਲੁਧਿਆਣਾ ਦੇ ਜਗਰਾਓਂ ਵਿਚ ਅੱਠਵੀਂ ਕਲਾਸ ਤੱਕ ਇਕੱਠੇ ਪੜ੍ਹੀਆਂ ਬਚਪਨ ਦੀ ਸਹੇਲੀ ਨੇ ਸਹੇਲੀ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 13 ਸਾਲਾਂ ਬਾਅਦ ਇੰਸਟਾਗ੍ਰਾਮ ‘ਤੇ ਕਰੀਬ ਸੱਤ-ਅੱਠ ਮਹੀਨੇ ਪਹਿਲਾਂ ਦੁਬਾਰਾ ਸੰਪਰਕ ਵਿਚ ਆਈ ਮਹਿਲਾ ਮਿਲਣ ਦੇ ਬਹਾਨੇ ਆਪਣੀ ਸਹੇਲੀ ਦੇ ਘਰ ਪਹੁੰਚੀ ਤੇ ਮੌਕਾ ਦੇਖ ਕੇ ਕਰੀਬ 10 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਕੇ ਫਰਾਰ ਹੋ ਗਈ। ਘਰ ਵਿਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਤਾਂ ਚੋਰੀ ਦਾ ਰਾਜ਼ ਖੁੱਲ੍ਹ ਗਿਆ। ਸ਼ਿਕਾਇਤ ਮਿਲਣ ‘ਤੇ ਪੁਲਿਸ ਨੇ ਕੇਸ ਦਰਜ ਕਰਕੇ ਦੋਸ਼ੀ ਔਰਤ ਨੂੰ ਗ੍ਰਿਫਾਤਰ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕਰ ਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਹਠੂਰ ਥਾਣੇ ਦੇ ਏਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜੱਟਪੁਰਾ ਪਿੰਡ ਦੇ ਰਹਿਣ ਵਾਲੇ ਮਨਿੰਦਰਪਾਲ ਸਿੰਘ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਕਿ ਉਸ ਦੀ ਪਤਨੀ ਮਨਪ੍ਰੀਤ ਕੌਰ ਦੀ ਬਚਪਨ ਦੀ ਸਹੇਲੀ ਪੂਜਾ ਰਾਣੀ 6 ਨਵੰਬਰ ਨੂੰ ਉਨ੍ਹਾਂ ਦੇ ਘਰ ਆਈ ਸੀ ਅਤੇ ਉਸੇ ਦਿਨ ਹੀ ਚਲੀ ਗਈ। 10 ਨਵੰਬਰ ਨੂੰ, ਜਦੋਂ ਮਨਪ੍ਰੀਤ ਕੌਰ ਆਪਣੇ ਪੇਕੇ ਘਰ ਜਾਣ ਤੋਂ ਪਹਿਲਾਂ ਆਪਣੇ ਸੋਨੇ ਦੇ ਗਹਿਣੇ ਅਲਮਾਰੀ ਵਿੱਚ ਰੱਖ ਰਹੀ ਸੀ, ਤਾਂ ਉਸ ਨੂੰ ਇੱਕ ਸੋਨੇ ਦਾ ਹਾਰ, ਤਿੰਨ ਅੰਗੂਠੀਆਂ ਅਤੇ ਕੰਨਾਂ ਦੀਆਂ ਵਾਲੀਆਂ ਗਾਇਬ ਮਿਲੀਆਂ।
ਗਹਿਣਿਆਂ ਦਾ ਕੁੱਲ ਭਾਰ ਲਗਭਗ 10 ਤੋਲੇ ਸੀ। ਫਿਰ ਪਰਿਵਾਰ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਪਤਨੀ ਦੀ ਸਹੇਲੀ ਨੂੰ ਚੋਰੀ ਕਰਦੇ ਦੇਖਿਆ। ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ।
ਦੂਜੇ ਪਾਸੇ ਪੁਲਿਸ ਹਿਰਾਸਤ ਵਿੱਚ ਕੈਮਰੇ ਦੇ ਸਾਹਮਣੇ ਆਪਣਾ ਪੱਖ ਪੇਸ਼ ਕਰਦੇ ਹੋਏ ਦੋਸ਼ੀ ਪੂਜਾ ਰਾਣੀ ਨੇ ਰੌਂਦੇ ਕਿਹਾ ਕਿ ਅਸੀਂ ਬਚਪਨ ਦੀਆਂ ਸਹੇਲੀਆਂ ਸੀ। ਮਨਪ੍ਰੀਤ ਹੀ ਸੀ ਜਿਸਨੇ ਮੈਨੂੰ ਮੈਸੇਜ ਭੇਜਿਆ ਅਤੇ ਆਪਣੇ ਘਰ ਬੁਲਾਇਆ। ਮੇਰੀ ਕੋਈ ਗਲਤੀ ਨਹੀਂ ਹੈ। ਉਸਨੇ ਮੈਨੂੰ ਅਜਿਹਾ ਕਰਨ ਲਈ ਕਿਹਾ।
ਪੂਜਾ ਨੇ ਅੱਗੇ ਕਿਹਾ ਕਿ ਉਸ ਨੇ ਖੁਦ 14 ਸਾਲਾਂ ਬਾਅਦ ਮੈਨੂੰ ਮੈਸੇਜ ਭੇਜਿਆ ਅਤੇ ਫ਼ੋਨ ਕੀਤਾ ਸੀ। ਮੈਂ ਉਸ ਨੂੰ ਪਹਿਲਾਂ ਕਦੇ ਫ਼ੋਨ ਨਹੀਂ ਕੀਤਾ ਸੀ। ਪੂਰਾ ਰਿਕਾਰਡ ਇੰਸਟਾਗ੍ਰਾਮ ‘ਤੇ ਉਪਲਬਧ ਹੈ। ਉਸ ਨੇ ਕਿਹਾ ਕਿ ਮੇਰੇ ਛੋਟੇ-ਛੋਟੇ ਬੱਚੇ ਹਨ, ਜਿਨ੍ਹਾਂ ਵਿੱਚ ਇੱਕ ਦੁੱਧ ਪੀਂਦਾ ਬੱਚਾ ਵੀ ਹੈ। ਮੈਂ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਪ੍ਰੇਸ਼ਾਨ ਹੋ ਰਹੀ ਹਾਂ।