- Updated: November 17, 2026 05:12 PM
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿੱਚ ਕਵਾਡ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮ ਕੇ ਤਾਰੀਫ਼ ਕੀਤੀ। ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ 'Tough guy' ਮਤਲਬ "ਸਖ਼ਤ ਵਿਅਕਤੀ" ਦੱਸਿਆ। ਟਰੰਪ ਦੀਆਂ ਇਹ ਟਿੱਪਣੀਆਂ ਦੋਵਾਂ ਨੇਤਾਵਾਂ ਦੀ ਮੀਟਿੰਗ ਦੌਰਾਨ ਆਈਆਂ। ਉਨ੍ਹਾਂ ਅੱਗੇ ਕਿਹਾ ਕਿ ਜਾਪਾਨੀ ਪ੍ਰਧਾਨ ਮੰਤਰੀ ਸਨੇ ਤਾਕਾਚੀ ਉਨ੍ਹਾਂ ਤੋਂ ਵੀ ਮਜ਼ਬੂਤ ਹੋ ਸਕਦੇ ਹਨ। ਟਰੰਪ ਨੇ ਕਿਹਾ ਕਿ ਅਮਰੀਕਾ ਦੇ ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਨਾਲ ਚੰਗੇ ਸਬੰਧ ਹਨ। ਉਹ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਇੱਕ ਦੂਜੇ ਦੇ ਦੋਸਤ ਹਨ। ਟਰੰਪ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਨਾਲ ਚੰਗੇ ਨਿੱਜੀ ਸਬੰਧ ਹੋਣ ਨਾਲ ਵੀ ਸਹਿਯੋਗ ਵਿੱਚ ਮਦਦ ਮਿਲਦੀ ਹੈ।
ਟਰੰਪ ਨੇ ਕਿਹਾ,"ਕਵਾਡ ਦੀ ਵਾਪਸੀ ਨੇ ਸਹਿਯੋਗ ਅਤੇ ਦੋਸਤੀ ਨੂੰ ਕੀਤਾ ਮਜ਼ਬੂਤ
ਮਨੀਲਾ ਵਿੱਚ ਕਵਾਡ ਨੇਤਾਵਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕਵਾਡ ਦੀ ਵਾਪਸੀ ਤੋਂ ਬਾਅਦ ਚਾਰਾਂ ਦੇਸ਼ਾਂ ਵਿੱਚ ਸਹਿਯੋਗ ਵਧਿਆ ਹੈ ਅਤੇ ਉਨ੍ਹਾਂ ਦੀ ਦੋਸਤੀ ਡੂੰਘੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਰੇ ਨੇਤਾ ਇੱਕ ਦੂਜੇ ਦੇ ਦੋਸਤ ਹਨ, ਜਿਸ ਨਾਲ ਆਪਸੀ ਸਹਿਯੋਗ ਆਸਾਨ ਹੋ ਗਿਆ ਹੈ। ਟਰੰਪ ਨੇ ਭਾਰਤ, ਸੰਯੁਕਤ ਰਾਜ ਅਮਰੀਕਾ, ਜਾਪਾਨ ਅਤੇ ਆਸਟ੍ਰੇਲੀਆ ਨੂੰ ਦੁਨੀਆ ਦੇ ਸਭ ਤੋਂ ਸਫਲ, ਅਤੇ ਕੁਝ ਮਾਮਲਿਆਂ ਵਿੱਚ ਸਭ ਤੋਂ ਸ਼ਕਤੀਸ਼ਾਲੀ ਦੇਸ਼ਾਂ ਵਿੱਚੋਂ ਇੱਕ ਦੱਸਿਆ। ਉਨ੍ਹਾਂ ਕਿਹਾ ਕਿ ਇਹ ਚਾਰ ਦੇਸ਼ ਇੱਕ ਆਜ਼ਾਦ, ਖੁੱਲ੍ਹੇ, ਸਥਿਰ ਅਤੇ ਖੁਸ਼ਹਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਚਾਰ ਮੁੱਖ ਥੰਮ੍ਹ ਹਨ। ਚਾਰਾਂ ਦੇਸ਼ਾਂ ਵਿੱਚ ਖੇਤਰੀ ਸੁਰੱਖਿਆ ਅਤੇ ਆਰਥਿਕ ਕੂਟਨੀਤੀ ਦੇ ਮੁੱਦਿਆਂ 'ਤੇ ਮਜ਼ਬੂਤ ਤਾਲਮੇਲ ਅਤੇ ਮਜ਼ਬੂਤ ਸਬੰਧ ਹਨ। ਚੀਨ ਨਾਲ ਮਤਭੇਦਾਂ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਟਰੰਪ ਨੇ ਕਿਹਾ ਕਿ ਇਨ੍ਹਾਂ ਮਤਭੇਦਾਂ ਨੂੰ ਬਹੁਤ ਚੰਗੀ ਤਰ੍ਹਾਂ ਸਾਂਭ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ,''ਉਨ੍ਹਾਂ ਨੇ ਮਤਭੇਦਾਂ ਨੂੰ ਚੰਗੀ ਤਰ੍ਹਾਂ ਸਾਂਭਿਆ ਹੈ। ਇਹ ਦੋ ਵੱਖ-ਵੱਖ ਰਾਏ ਹਨ।