- Updated: November 17, 2026 12:28 PM
ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਤੋਂ ਪਰਤ ਰਹੇ ਸ਼ਰਧਾਲੂਆਂ ਨਾਲ ਭਰੀ ਇੱਕ ਮਹਿੰਦਰਾ ਪਿਕਅੱਪ ਜੀਪ ਬੀਤੀ ਰਾਤ ਕਰੀਬ 10 ਵਜੇ ਪਵਾਤ ਪੁਲ ਨੇੜੇ ਇੱਕ ਟਿੱਪਰ ਨਾਲ ਹਾਦਸੇ ਦਾ ਸ਼ਿਕਾਰ ਹੋ ਗਈ। ਇਸ 'ਚ ਇੱਕ ਔਰਤ ਅਤੇ 2 ਨਾਬਾਲਗ ਮੁੰਡਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮਧੂ ਦੇਵੀ (35), ਗੌਰਵ (17) ਅਤੇ ਮੁੰਨਾ (13) ਵਾਸੀਆਨ ਗੁਰੋਂ ਕਾਲੋਨੀ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਛੱਠ ਪੂਜਾ ਦਾ ਤਿਉਹਾਰ ਸੀ ਅਤੇ ਇਹ ਸਾਰੇ ਗੁਰੋਂ ਕਾਲੋਨੀ ਦੇ ਵਾਸੀ ਪਰਵਾਸੀ ਮਜ਼ਦੂਰ ਸਵੇਰੇ ਗੜ੍ਹੀ ਪੁਲ ਤੋਂ ਪੂਜਾ ਅਰਚਨਾ ਕਰਨ ਅਤੇ ਵਰਤ ਦੀ ਸੰਪੂਰਨਤਾ ਤੋਂ ਬਾਅਦ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋ ਗਏ।
ਪਿਕਅੱਪ ਜੀਪ 'ਚ ਸਵਾਰ 30 ਤੋਂ ਵੱਧ ਸ਼ਰਧਾਲੂ ਬੜੀ ਸ਼ਰਧਾ ਨਾਲ ਮਾਤਾ ਨੈਣਾ ਦੇਵੀ ਵਿਖੇ ਦਰਸ਼ਨਾਂ ਲਈ ਗਏ ਅਤੇ ਜਦੋਂ ਇਹ ਵਾਪਸ ਮਾਛੀਵਾੜਾ ਸਾਹਿਬ ਪਰਤ ਰਹੇ ਸਨ ਤਾਂ ਪਵਾਤ ਪੁਲ ਨੇੜੇ ਇੱਕ ਟਿੱਪਰ ਸੜਕ ’ਤੇ ਖੜ੍ਹਾ ਸੀ, ਜਿਸਦੇ ਪਿੱਛੋਂ ਜਾ ਕੇ ਇਹ ਜੀਪ ਜਾ ਟਕਰਾਈ। ਇਹ ਹਾਦਸਾ ਇੰਨਾ ਜਬਰਦਸ਼ਤ ਸੀ ਕਿ ਕਈ ਸ਼ਰਧਾਲੂ ਤਾਂ ਜੀਪ ’ਚੋਂ ਉੱਛਲ ਕੇ ਸੜਕੇ ’ਤੇ ਜਾ ਡਿੱਗੇ ਅਤੇ ਕਈ ਜੀਪ ਅੰਦਰ ਹੀ ਇੱਕ-ਦੂਜੇ ਵਿਚ ਵੱਜ ਕੇ ਜਖ਼ਮੀ ਹੋ ਗਏ। ਜੀਪ 'ਚ ਅੱਗੇ ਚਾਲਕ ਨਾਲ ਬੈਠੀ ਔਰਤ ਮਧੂ ਦੇਵੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਸ ਨਾਲ ਬੈਠੇ ਦੋ ਨਾਬਾਲਗ ਮੁੰਡੇ ਗੌਰਵ ਅਤੇ ਮੁੰਨਾ ਹਸਪਤਾਲ 'ਚ ਜਾ ਕੇ ਦਮ ਤੋੜ ਗਏ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਕਮਲੇਸ਼ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ, ਜੋ ਕਿ ਹਸਪਤਾਲ 'ਚ ਇਲਾਜ ਅਧੀਨ ਹੈ। ਇਸ ਤੋਂ ਇਲਾਵਾ ਜੀਪ 'ਚ ਸਵਾਰ ਸਾਰੇ ਜਖ਼ਮੀ ਸ਼ਰਧਾਲੂਆਂ ਨੂੰ ਵੱਖ-ਵੱਖ ਨਿੱਜੀ ਹਸਪਤਾਲਾਂ 'ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਰੈਫ਼ਰ ਕੀਤਾ ਜਾ ਰਿਹਾ ਹੈ। ਪੁਲਸ ਵਲੋਂ ਲਾਸ਼ਾਂ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ ਗਿਆ ਹੈ ਅਤੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਹ ਸ਼ਰਧਾਲੂ ਮਾਛੀਵਾੜਾ ਦੀ ਗੁਰੋਂ ਕਾਲੋਨੀ ਦੇ ਵਸਨੀਕ ਹਨ ਅਤੇ ਆਪਸ 'ਚ ਗੁਆਂਢੀ ਹਨ।