- Updated: November 16, 2026 05:50 PM
ਪੰਜਾਬ ਨੂੰ ਜੰਗਲ ਰਾਜ ਬਣਾਉਣ 'ਚ 'ਆਪ' ਨੇ ਕੋਈ ਕਸਰ ਨਹੀਂ ਛੱਡੀ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਗਟ ਸਿੰਘ ਵੱਲੋਂ ਅੱਜ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਵੱਲੋਂ ਵਰਕਰਾਂ ਦੇ ਬਲਾਕ ਪ੍ਰਧਾਨਾਂ ਦੇ ਰੱਖੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਜਿਨ੍ਹਾਂ ਨੂੰ ਜਿਤਾਇਆ ਸੀ, ਉਹ ਗੂੰਗੇ ਬਣ ਗਏ। ਪੰਜਾਬ ਲਈ ਕੋਈ ਗੱਲ ਨਹੀਂ ਕੀਤੀ। ਇਨ੍ਹਾਂ ਦੀਆਂ ਜ਼ਮੀਰਾ ਮਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਜੰਗਲ ਰਾਜ ਹੈ, ਇਥੇ ਕੋਈ ਵੀ ਸੁਰੱਖਿਅਤ ਨਹੀਂ ਹੈ। ਦਿਨ-ਦਿਹਾੜੇ ਲੁੱਟਾਂ-ਖੋਹਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਵਾਲੇ ਪੰਜਾਬ ਨੂੰ ਬਰਬਾਦ ਕਰ ਰਹੇ ਹਨ। ਪ੍ਰਗਟ ਸਿੰਘ ਨੇ ਭਾਰਤੀ ਜਨਤਾ ਪਾਰਟੀ 'ਤੇ ਤੰਜ ਕਸਦਿਆਂ ਕਿਹਾ ਕਿ ਇਨ੍ਹਾਂ ਨੂੰ 13 ਸਾਲ ਰਾਜ ਕਰਦਿਆਂ ਹੋ ਗਏ, ਬਾਰਡਰ ਦਾ 50 ਕਿਲੋਮੀਟਰ ਦਾ ਏਰੀਆ ਇਨ੍ਹਾਂ ਦੇ ਅੰਡਰ ਹੈ ਪਰ ਫਿਰ ਕਹਿ ਰਹੇ ਹਨ, ਸਾਡੀ ਸਰਕਾਰ ਲਿਆਓ ਪੰਜਾਬ 'ਚੋਂ, ਅਸੀਂ ਨਸ਼ਾ ਖ਼ਤਮ ਕਰਾਂਗੇ।
ਉਨ੍ਹਾਂ ਕਿਹਾ ਭਾਜਪਾ ਵਾਲੇ ਹੋਲਸੇਲ ਡੀਲਰ ਹਨ ਅਤੇ 'ਆਪ' ਵਾਲੇ ਪਰਚੂਨ ਦੇ ਵਪਾਰੀ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿੱਚ ਹੋਏ ਸਮਝੌਤੇ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ ਤੰਜ ਕੱਸਦੇ ਕਿਹਾ ਕਿ ਸੁਖਬੀਰ ਬਾਦਲ ਨੂੰ ਮੈਂ ਪੁੱਛ ਰਿਹਾ ਹਾਂ, ਜਿਸ ਕਰਕੇ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਦਿੱਤਾ ਸੀ, ਉਹ ਮਸਲੇ ਹੱਲ ਹੋ ਗਏ ਹਨ।
ਉਨ੍ਹਾਂ ਕਿਹਾ ਕਿ 3 ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ 750 ਕਿਸਾਨਾਂ ਦੀ ਸ਼ਹਾਦਤ ਹੋਈ ਸੀ, ਪੰਜਾਬ ਦੇ ਲੋਕ ਇਨ੍ਹਾਂ ਨੂੰ ਕਿਵੇਂ ਭੁੱਲ ਸਕਦੇ ਹਨ। ਉਨ੍ਹਾਂ ਕਿਹਾ ਕਿ ਅੱਜ ਝੋਨਾ ਮੰਡੀਆਂ 'ਚ ਰੁਲ ਰਿਹਾ ਹੈ। ਮੰਡੀਆਂ ਬੰਦ ਕਰ ਦਿੱਤੀਆਂ ਹਨ। ਇਹ ਕਿਸਾਨਾਂ ਨਾਲ ਤਕਰੀਬਨ 3500 ਕਰੋੜ ਦੀ ਠੱਗੀ ਮਾਰੀ ਜਾ ਰਹੀ ਹੈ। ਉਨ੍ਹਾਂ ਕਿਹਾ ਸਰਕਾਰ ਨੇ ਚੁਟਕਲੇ ਸੁਣਾ ਕੇ ਆਪਣਾ ਸਮਾਂ ਪਾਸ ਕੀਤਾ, ਪੰਜਾਬ ਲਈ ਕੁਝ ਨਹੀਂ ਕੀਤਾ, ਰੱਜ ਕੇ ਲੋਕਾਂ ਨਾਲ ਧੱਕੇਸ਼ਾਹੀਆਂ ਕੀਤੀਆਂ ਹਨ।
ਪੁਲਸ ਕਰੱਪਸ਼ਨ ਕਰਨ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਕਮੀਆਂ ਸਾਡੇ ਕੋਲੋਂ ਵੀ ਰਹੀਆਂ ਹਨ। ਸਾਨੂੰ ਆਪਣੇ ਰੁਸੇ ਮੁਕਾਉਣ ਦੀ ਜ਼ਰੂਰਤ ਹੈ। ਟਿਕਟ ਇਕ ਵਿਅਕਤੀ ਨੂੰ ਮਿਲਣੀ ਹੈ, ਉਸ ਲਈ ਸਰਵੇ ਚਲ ਰਹੇ ਹਨ ਅਤੇ ਸ਼੍ਰੀ ਰਾਹੁਲ ਗਾਂਧੀ ਆਪਣੇ ਤੌਰ 'ਤੇ ਵੀ ਸਰਵੇ ਕਰਵਾ ਰਹੇ ਹਨ। ਬਾਕੀ ਸਾਰਿਆਂ ਨੂੰ ਉਸ ਟਿਕਟ ਮਿਲਣ ਵਾਲੇ ਕੈਂਡੀਡੇਟ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੋਸ਼ ਨਾਲ ਹੋਸ਼ ਦੀ ਵੀ ਜ਼ਰੂਰਤ ਹੈ। ਦੋਆਬੇ ਵਾਲੇ ਆਪਣੀਆਂ ਸੀਟਾਂ ਸੰਭਾਲ ਲੈਣ, ਸਾਡੀ ਸਰਕਾਰ ਅਵੱਸ਼ ਬਣੇਗੀ। ਇਸ ਮੌਕੇ ਦਲਜੀਤ ਸਿੰਘ ਗਿਲਜੀਆਂ ਨੇ ਆਏ ਹੋਏ ਅਹੁਦੇਦਾਰ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਂਗਰਸ ਲਈ ਹਰ ਵਰਕਰ ਦਿਨ ਰਾਤ ਇਕ ਘਰ ਦੇਵੇ ਤਾਂ ਜੋ ਅਸੀਂ ਆਪਣੀ ਸਰਕਾਰ ਬਣਾਈਏ ਅਤੇ ਪੰਜਾਬ ਦੀ ਭਲਾਈ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰੀਏ।
ਇਸ ਮੌਕੇ ਸੰਗਤ ਸਿੰਘ ਗਿਲਜੀਆਂ ਸਾਬਕਾ ਕੈਬਿਨੇਟ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਅੱਜ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ ਅਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਾਂਗਰਸ ਦੀ ਸਰਕਾਰ ਲਿਆਉਣੀ ਚਾਹੀਦੀ ਹੈ ਮੌਜੂਦਾ ਸਰਕਾਰ ਪੰਜਾਬ ਵਿਰੋਧੀ ਸਾਬਤ ਹੋਈ ਹੈ ਅਤੇ ਪੰਜਾਬ ਦੀ ਲੋਕ ਇਸ ਤੋਂ ਬਹੁਤ ਦੁਖ਼ੀ ਹਨ। ਸੁੰਦਰ ਸ਼ਾਮ ਅਰੋੜਾ ਸਾਬਕਾ ਕੈਬਿਨਟ ਮੰਤਰੀ ਨੇ ਕਿਹਾ ਕਿ ਅਸੀਂ ਸਰਕਾਰ ਦੀਆਂ ਧੱਕੇਸ਼ਾਹੀਆਂ ਦੀ ਕੋਈ ਪਰਵਾਹ ਨਹੀਂ ਕਰਦੇ, ਸਾਡੇ ਵਰਕਰ ਸਾਡੀ ਰੀੜ ਦੀ ਹੱਡੀ ਹਨ। ਅਸੀਂ ਹੁਸ਼ਿਆਰਪੁਰ ਦੀਆਂ ਸੀਟਾਂ 'ਤੇ ਵੱਡੀ ਜਿੱਤ ਪ੍ਰਾਪਤ ਕਰਾਂਗੇ। ਇਸ ਮੌਕੇ ਲਾਡੀ ਸ਼ੇਰੋਵਾਲੀਆ ਵਿਧਾਇਕ, ਸੰਤੋਸ਼ ਚੌਧਰੀ ਸਾਬਕਾ ਕੇਂਦਰੀ ਰਾਜ ਮੰਤਰੀ ਅਮਰਪਾਲ ਕਾਕ ਜਨਰਲ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ ਗੜ੍ਹਸ਼ੰਕਰ, ਅਮਰਜੀਤ ਸਿੰਘ ਢਾਡੇ ਕਟਵਾਲ, ਯਾਮਨੀ ਗੋਮਰ, ਅਰੁਨ ਮਿੱਕੀ ਡੋਗਰਾ, ਇੰਦੂ ਬਾਲਾ, ਐਡਵੋਕੇਟ ਰੋਹਿਤ ਜੋਸ਼ੀ, ਸੌਰਵ ਆਦੀਆ, ਭੁਪਿੰਦਰ ਸਿੰਘ ਘੁੰਮਣ, ਅਮਰਪ੍ਰੀਤ ਸਿੰਘ ਮਿੰਟੂ ਲਾਲੀ, ਬਿੱਟੂ ਚੱਬੇਵਾਲ, ਅਤੇ ਵੱਡੀ ਗਿਣਤੀ ਵਿੱਚ ਕਾਂਗਰਸ ਦੇ ਅਹੁੱਦੇਦਾਰ ਤੇ ਵਰਕਰ ਹਾਜ਼ਰ ਸਨ।