- Updated: November 16, 2026 04:46 PM
ਭਾਰਤ ਅਤੇ ਕੈਨੇਡਾ ਵਿਚਾਲੇ ਹੁਣ ਜਦੋਂ ਸਬੰਧ ਮੁੜ ਲੀਹ 'ਤੇ ਆ ਰਹੇ ਹਨ ਤਾਂ ਇਸੇ ਦੌਰਾਨ ਇਕ ਹੋਰ ਵੱਡੀ ਖ਼ਬਰ ਸਾਹਮਣੇ ਆਈ ਹੈ। ਦੋਵਾਂ ਦੇਸ਼ਾਂ ਵਿਚਾਲੇ ਮੁਕਤ ਵਪਾਰ ਸਮਝੌਤੇ (FTA) ਨੂੰ ਅੰਤਿਮ ਰੂਪ ਦੇਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਅਤੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਵਿਚਾਲੇ ਨਵੀਂ ਦਿੱਲੀ ਵਿਖੇ ਹੋਈ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਇਸ ਸਮਝੌਤੇ ਦੇ ਜਲਦ ਸਿਰੇ ਚੜ੍ਹਨ ਦੇ ਸੰਕੇਤ ਮਿਲੇ ਹਨ।
ਨਵੀਂ ਦਿੱਲੀ ਵਿਖੇ ਕੈਨੇਡੀਅਨ ਵਫ਼ਦ ਨਾਲ ਹੋਈ ਮੁਲਾਕਾਤ ਦੌਰਾਨ ਪੀਯੂਸ਼ ਗੋਇਲ ਅਤੇ ਮਨਿੰਦਰ ਸਿੱਧੂ ਨੇ CEPA ਗੱਲਬਾਤ ਨੂੰ ਅੱਗੇ ਵਧਾਉਣ ਅਤੇ ਦੁਵੱਲੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ। ਦੋਵਾਂ ਆਗੂਆਂ ਨੇ ਇੱਕ ਅਜਿਹੇ ਸੰਤੁਲਿਤ ਅਤੇ ਲਾਭਕਾਰੀ ਸਮਝੌਤੇ 'ਤੇ ਜ਼ੋਰ ਦਿੱਤਾ, ਜੋ ਬਿਹਤਰ ਬਾਜ਼ਾਰ ਪਹੁੰਚ ਅਤੇ ਵਪਾਰ ਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰੇ।
ASEAN ਅਤੇ ਫਿਲੀਪੀਨਜ਼ ਨਾਲ ਵਪਾਰਕ ਗੱਲਬਾਤ ਸਫ਼ਲਤਾਪੂਰਵਕ ਪੂਰੀ ਹੋਣ ਤੋਂ ਬਾਅਦ ਮਨਿੰਦਰ ਸਿੱਧੂ ਨੇ ਭਰੋਸਾ ਜਤਾਇਆ ਹੈ ਕਿ ਅਗਲਾ ਨੰਬਰ ਭਾਰਤ ਦਾ ਹੈ ਅਤੇ ਅਗਲੇ ਮਹੀਨੇ ਤੱਕ ਇਸ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਤੈਅ ਸਮਾਂ-ਸੀਮਾ ਤਹਿਤ, ਪੀ.ਐੱਮ. ਮੋਦੀ ਦਸੰਬਰ ਦੇ ਦੂਜੇ ਹਫ਼ਤੇ ਕੈਨੇਡਾ ਦਾ ਦੌਰਾ ਕਰਨਗੇ, ਜਿੱਥੇ ਇਸ ਵਪਾਰ ਸਮਝੌਤੇ ਦਾ ਰਸਮੀ ਐਲਾਨ ਹੋਣ ਦੀ ਉਮੀਦ ਹੈ।
ਜ਼ਿਕਰਯੋਗ ਹੈ ਕਿ ਇਸ ਸਮਝੌਤੇ ਦਾ ਮੁੱਖ ਉਦੇਸ਼ 2030 ਤੱਕ ਦੋਵਾਂ ਦੇਸ਼ਾਂ ਦੇ ਦੁਵੱਲੇ ਵਪਾਰ ਨੂੰ ਦੁੱਗਣਾ ਕਰਕੇ 70 ਬਿਲੀਅਨ ਕੈਨੇਡੀਅਨ ਡਾਲਰ ਤੱਕ ਪਹੁੰਚਾਉਣਾ ਹੈ। ਮਨਿੰਦਰ ਸਿੱਧੂ ਅਨੁਸਾਰ, ਲਗਭਗ 1.5 ਅਰਬ ਦੀ ਆਬਾਦੀ ਵਾਲਾ ਭਾਰਤੀ ਬਾਜ਼ਾਰ ਕੈਨੇਡੀਅਨ ਕਾਰੋਬਾਰਾਂ ਲਈ ਖੇਤੀ-ਭੋਜਨ, ਕਲੀਨ ਐਨਰਜੀ, ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਏਅਰੋਸਪੇਸ ਵਰਗੇ ਸੈਕਟਰਾਂ 'ਚ ਵੱਡੇ ਮੌਕੇ ਪੇਸ਼ ਕਰੇਗਾ।