ਹਸਪਤਾਲ ਤੋਂ CM ਭਗਵੰਤ ਮਾਨ ਨੂੰ ਮਿਲੀ ਛੁੱਟੀ, ਮੋਗਾ ‘ਚ AAP ਦੀ ਵਿਸ਼ਾਲ ਰੈਲੀ ‘ਚ ਹੋਏ ਸ਼ਾਮਿਲ

 ਹਸਪਤਾਲ ਤੋਂ CM ਭਗਵੰਤ ਮਾਨ ਨੂੰ ਮਿਲੀ ਛੁੱਟੀ, ਮੋਗਾ ‘ਚ AAP ਦੀ ਵਿਸ਼ਾਲ ਰੈਲੀ ‘ਚ ਹੋਏ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਤੋਂ ਡਾਕਟਰਾਂ ਨੇ ਛੁੱਟੀ ਦੇ ਦਿੱਤੀ ਹੈ। ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਉਹ ਮੋਗਾ ਵਿੱਚ ਆਮ ਆਦਮੀ ਪਾਰਟੀ ਦੀ ਵਿਸ਼ਾਲ ਰੈਲੀ ਵਿੱਚ ਪਹੁੰਚੇ। ਇਹ ਵਿਸ਼ਾਲ ਰੈਲੀ ਪਿੰਡ ਕਿੱਲੀ ਚਾਹਲਾਂ ‘ਚ ਹੋ ਰਹੀ ਹੈ। ਰੈਲੀ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਸਣੇ ਸਮੂਹ ਲੀਡਰਸ਼ਿਪ ਮੌਜੂਦ ਹੈ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਮਹਾਂਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਦਿਰ ਵਿੱਚ ਪੂਜਾ ਕੀਤੀ ਸੀ। ਮੁੱਖ ਮੰਤਰੀ ਭਗਵੰਤ ਮਾਨ ਦੀ ਐਤਵਾਰ ਨੂੰ ਸੰਗਰੂਰ ਵਿੱਚ ਸਿਹਤ ਅਚਾਨਕ ਵਿਗੜ ਗਈ। ਫਿਰ ਉਨ੍ਹਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ। ਜਿਸ ਕਰਕੇ ਪਹਿਲਾਂ ਕਿਆਸਰਾਈਆਂ ਲਗਾਈ ਜਾ ਰਹੀ ਸੀ ਕਿ ਉਹ ਰੈਲੀ ਵਿੱਚ ਸ਼ਾਮਿਲ ਨਹੀਂ ਹੋਣਗੇ।

ਪਰ ਉਨ੍ਹਾਂ ਵੱਲੋਂ ਖੁਦ ਟਵੀਟ ਕਰਕੇ ਜਾਣਕਰੀ ਦਿੱਤੀ ਗਈ ਕਿ ਉਹ ਰੈਲੀ ਵਿੱਚ ਸ਼ਾਮਿਲ ਹੋਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਕਿ ਮੋਗਾ ਨੇੜੇ ਪਿੰਡ ਕਿੱਲੀ ਚਹਿਲਾਂ ਵਿਖੇ ਅੱਜ ਆਮ ਆਦਮੀ ਪਾਰਟੀ ਵੱਲੋਂ ਵਿਸ਼ਾਲ ਰੈਲੀ ਹੋ ਰਹੀ ਹੈ…ਮਿਲਦੇ ਹਾਂ ਦੋਸਤੋ।