- Updated: July 08, 2023 08:56 AM
ਮੁੱਖ ਮੰਤਰੀ ਭਗਵੰਤ ਮਾਨ ਤੇ ਡਾ. ਗੁਰਪ੍ਰੀਤ ਕੌਰ ਦੇ ਵਿਆਹ ਨੂੰ ਇਕ ਸਾਲ ਹੋ ਗਿਆ ਹੈ। ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਉਨ੍ਹਾਂ ਨੇ ਚੰਡੀਗੜ੍ਹ ਕਲੱਬ ਵਿਚ ਸਾਰੇ ਮੰਤਰੀਆਂ, ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਤੇ ਸਕੱਤਰ ਰੈਂਕ ਦੇ ਅਧਿਕਾਰੀਆਂ ਨੂੰ ਰਾਤ ਨੂੰ ਪਾਰਟੀ ਦਿੱਤੀ ਜਿਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ। ਇਸ ਦੌਰਾਨ ਗਾਇਕ ਜਸਬੀਰ ਜੱਸੀ ਤੇ ਗਿੱਪੀ ਗਰੇਵਾਲ ਨੇ ਮਹਿਮਾਨਾਂ ਦਾ ਮਨੋਰੰਜਨ ਕੀਤਾ।

ਸਮਾਗਮ 'ਚ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਤੋਂ ਸੰਸਦ ਮੈਂਬਰ ਸੰਜੇ ਸਿੰਘ ਵੀ ਮੌਜੂਦ ਸਨ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਬੀਰ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ .ਓ., ਅਮਨ ਅਰੋੜਾ ਤੇ ਬ੍ਰਹਮ ਸ਼ੰਕਰ ਜਿੰਪਾ ਆਦਿ ਵੀ ਹਾਜ਼ਰ ਸਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਨੂੰ ਫੁੱਲਾਂ ਦੇ ਗੁਲਦਸਤੇ ਦਿੱਤੇ। ਸਵੇਰ ਤੋਂ ਹੀ ਪਾਰਟੀ ਦੇ ਸੀਨੀਅਰ ਮੰਤਰੀ ਅਤੇ ਹੋਰ ਆਗੂ ਭਗਵੰਤ ਮਾਨ ਨੂੰ ਵਧਾਈਆਂ ਦੇਣ 'ਚ ਰੁੱਝੇ ਹੋਏ ਸਨ। ਹਾਲਾਂਕਿ ਸਾਰਿਆਂ ਨੂੰ ਰਾਘਵ ਚੱਢਾ ਤੇ ਉਨ੍ਹਾਂ ਦੀ ਮੰਗੇਤਰ ਫਿਲਮ ਅਦਾਕਾਰਾ ਪਰਣੀਤੀ ਚੋਪੜਾ ਦੇ ਆਉਣ ਦਾ ਇੰਤਜ਼ਾਰ ਸੀ ਪਰ ਉਹ ਨਹੀਂ ਪਹੁੰਚੇ। ਪ੍ਰੋਗਰਾਮ ਵਿਚ ਮੁੱਖ ਮੰਤਰੀ ਦੇ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਹੋਏ। ਪ੍ਰੋਗਰਾਮ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ। ਸਟੇਜ ਦੇ ਸਾਹਮਣੇ ਸਿਰਫ ਮੰਤਰੀਆਂ ਤੇ ਦਿੱਲੀ ਤੋਂ ਆਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਆਉਣ ਦੀ ਇਜਾਜ਼ਤ ਸੀ। ਬੈਰੀਕੇਡ ਲਗਾ ਕੇ ਵਿਧਾਇਕਾਂ ਤੱਕ ਨੂੰ ਐਂਟਰੀ ਨਹੀਂ ਦਿੱਤੀ ਗਈ। ਸਿਰਫ ਇਕ ਇਕ ਕਰ ਕੇ ਹੀ ਉਨ੍ਹਾਂ ਨੂੰ ਅੱਗੇ ਆਉਣ ਦੀ ਇਜਾਜ਼ਤ ਸੀ।

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਆਪਣੀ ਪਤਨੀ ਸੁਨੀਤਾ ਰਿੰਕੂ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ੁੱਭ ਕਾਮਨਾਵਾਂ ਦੇਣ ਲਈ ਸਮਾਗਮ 'ਚ ਸ਼ਾਮਲ ਹੋਏ। ਉਥੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਵੀ ਆਪਣੇ ਪਰਿਵਾਰ ਸਮੇਤ ਸੀ. ਐੱਮ ਦੀ ਪਾਰਟੀ 'ਚ ਪਹੁੰਚੇ।ਇਸ ਦੌਰਾਨ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਗਰੇਵਾਲ ਤੇ ਪੁੱਤਰ ਗੁਰਬਾਜ਼ ਨੇ ਆਪਣੇ ਦਿਲਕਸ਼ ਅੰਦਾਜ਼ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ।
