ਪੰਜਾਬ ਤੋਂ ਸਿੰਗਾਪੁਰ ਸਿਖਲਾਈ ਲਈ 72 ਪ੍ਰਿੰਸੀਪਲਾਂ ਦਾ ਬੈਚ ਹੋਇਆ ਰਵਾਨਾ,ਮੁੱਖ ਮੰਤਰੀ ਭਗਵੰਤ ਮਾਨ ਨੇ ਦਿਖਾਈ ਹਰੀ ਝੰਡੀ

ਪੰਜਾਬ ਤੋਂ ਸਿੰਗਾਪੁਰ ਸਿਖਲਾਈ ਲਈ 72 ਪ੍ਰਿੰਸੀਪਲਾਂ ਦਾ ਬੈਚ ਹੋਇਆ ਰਵਾਨਾ,ਮੁੱਖ ਮੰਤਰੀ ਭਗਵੰਤ ਮਾਨ ਨੇ ਦਿਖਾਈ ਹਰੀ ਝੰਡੀ

ਪੰਜਾਬ ਤੋਂ ਸਰਕਾਰੀ ਸਕੂਲਾਂ ਦੇ 72 ਪ੍ਰਿੰਸੀਪਲਾਂ ਦੇ ਦੋ ਬੈਚ ਪ੍ਰਬੰਧਨ ਹੁਨਰ ਸਿੱਖਣ ਲਈ ਸਿੰਗਾਪੁਰ ਜਾ ਰਹੇ ਹਨ। ਅਧਿਆਪਕਾਂ ਨੂੰ ਸਿੰਗਾਪੁਰ ਰਵਾਨਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਪਹੁੰਚੇ ਅਤੇ ਅਧਿਆਪਕਾਂ ਨੂੰ ਯਾਤਰਾ ਲਈ ਸ਼ੁਭਕਾਮਨਾਵਾਂ ਵੀ ਦਿਤੀਆਂ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਸਤਵੀਰ ਬੇਦੀ ਵੀ ਹਾਜ਼ਰ ਸਨ।

ਇਹ ਪ੍ਰਿੰਸੀਪਲ 24 ਜੁਲਾਈ ਤੋਂ 28 ਜੁਲਾਈ ਤਕ ਸਿੰਗਾਪੁਰ ਅਕੈਡਮੀ ਵਿਚ 5 ਦਿਨਾਂ ਦੀ ਸਿਖਲਾਈ ਲੈਣਗੇ। ਫਿਰ ਪੰਜਾਬ ਪਰਤਣਗੇ ਅਤੇ ਸਕੂਲੀ ਵਿਦਿਆਰਥੀਆਂ ਅਤੇ ਸਟਾਫ਼ ਨਾਲ ਅਪਣਾ ਤਜਰਬਾ ਸਾਂਝਾ ਕਰਨਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, “ਪੰਜਾਬ ’ਚ ਅਸੀਂ ਜੋ ਉਚ-ਪਧਰੀ ਸਿੱਖਿਆ ਦੇਣ ਦੀ ਗਰੰਟੀ ਦਿਤੀ ਸੀ, ਅੱਜ ਉਸ ਕੜੀ ‘ਚ ਇਕ ਹੋਰ ਮੀਲ ਪੱਥਰ ਸਾਬਤ ਹੋ ਰਿਹਾ ਹੈ। ਅੱਜ ਸਾਡੇ 72 ਪ੍ਰਿੰਸੀਪਲਾਂ ਦਾ ਅਗਲਾ ਬੈਚ ਸਿੰਗਾਪੁਰ ਟ੍ਰੇਨਿੰਗ ਲਈ ਰਵਾਨਾ ਹੋ ਰਿਹਾ ਹੈ, ਇਸ ਤੋਂ ਪਹਿਲਾਂ ਵੀ 2 ਬੈਚ ਭੇਜੇ ਗਏ ਸੀ। ਸਾਡਾ ਮਕਸਦ ਪੰਜਾਬ ਦੇ ਬੱਚਿਆਂ ਨੂੰ ਵਿਸ਼ਵ ਪਧਰੀ ਸਿੱਖਿਆ ਦੇਣਾ ਹੈ, ਅਸੀਂ ਬੱਚਿਆਂ ਨੂੰ ਇਸਰੋ ‘ਚ ਲੈ ਕੇ ਗਏ ਤੇ ਉਥੇ ਚੰਦਰਯਾਨ- 3 ਦੀ ਲਾਚਿੰਗ ਦਿਖਾਈ”।

ਉਨ੍ਹਾਂ ਕਿਹਾ, “ਸਾਡੇ ਬੱਚਿਆਂ ‘ਚ ਟੈਲੇਂਟ ਦੀ ਕੋਈ ਕਮੀ ਨਹੀਂ, ਬਸ ਉਨ੍ਹਾਂ ਨੂੰ ਤਰਾਸ਼ਣ ਦੀ ਲੋੜ ਹੈ। ਅੱਜ ਟ੍ਰੇਨਿੰਗ ਲਈ ਜਾਣ ਵਾਲੇ ਪ੍ਰਿੰਸੀਪਲਾਂ ‘ਚੋਂ 93% ਪਹਿਲੀ ਵਾਰ ਵਿਦੇਸ਼ ਜਾ ਰਹੇ ਹਨ। ਅਸੀਂ ਸਾਡੇ ਬੱਚਿਆਂ ਨੂੰ ਉਨ੍ਹਾਂ ਦੇ ਪਸੰਦੀਦਾ ਖੇਤਰ ‘ਚ ਹਰ ਤਰ੍ਹਾਂ ਦੀ ਸਹੂਲਤ ਦੇਵਾਂਗੇ”। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਕਈ ਸਕੂਲਾਂ ਦੇ ਪ੍ਰਿੰਸੀਪਲਾਂ ਦੇ ਬੈਚਾਂ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਿਆ ਹੈ। ਪੰਜਾਬ ਸਰਕਾਰ ਨੇ ਉਮੀਦ ਜਤਾਈ ਹੈ ਕਿ ਇਹ ਸਿਖਲਾਈ ਨਾ ਸਿਰਫ਼ ਸੂਬੇ ਦੀ ਸਕੂਲੀ ਸਿੱਖਿਆ ਵਿਚ ਸਕਾਰਾਤਮਕ ਬਦਲਾਅ ਲਿਆਏਗੀ, ਸਗੋਂ ਨਤੀਜਿਆਂ ਵਿਚ ਵੀ ਸੁਧਾਰ ਕਰੇਗੀ।