- Updated: November 30, 2023 07:50 PM
ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪੀ.ਏ.ਪੀ. ਵਿਖੇ ਪੁਲਸ ਵਿਭਾਗ ਲਈ ਰੱਖੇ ਗਏ ਸਮਾਗਮ 'ਚ ਸ਼ਾਮਲ ਹੋਣ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਪੁਲਸ 'ਚ ਸੇਵਾ ਨਿਭਾ ਰਹੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਦੱਸ ਕੇ ਸੰਬੋਧਨ ਕੀਤਾ। ਉਨ੍ਹਾਂ ਅੱਜ ਦੀ ਸ਼ਾਮ ਨੂੰ ਪੁਲਸ ਵਿਭਾਗ ਦੇ ਅਧਿਕਾਰੀਆਂ ਦੇ ਨਾਂ ਕੀਤਾ ਤੇ ਦੱਸਿਆ ਕਿ ਪੁਲਸ 'ਚ ਡਿਊਟੀ ਦੇ ਰਹੇ ਸਾਰੇ ਅਫਸਰਾਂ ਨੂੰ ਤੇ ਉਨ੍ਹਾਂ ਦੇ ਪਰਿਵਾਰਾਂ ਵਧਾਈ ਦਿੱਤੀ।
ਉਨ੍ਹਾਂ ਇਸ ਮੌਕੇ ਕਿਹਾ ਕਿ ਸਾਰੇ ਵਿਭਾਗਾਂ 'ਚ ਤਿਉਹਾਰਾਂ ਮੌਕੇ ਛੁੱਟੀ ਹੁੰਦੀ ਹੈ, ਪਰ ਪੁਲਸ ਵਿਭਾਗ 'ਚ ਸਾਲ ਦੇ ਕਿਸੇ ਵੀ ਤਿਉਹਾਰ 'ਤੇ ਛੁੱਟੀ ਨਹੀਂ ਹੁੰਦੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਨਾਲ ਤਿਉਹਾਰ ਮਨਾਉਣ ਦਾ ਮੌਕਾ ਨਹੀਂ ਮਿਲਦਾ। ਇਸੇ ਕਾਰਨ ਪੰਜਾਬ ਸਰਕਾਰ ਵੱਲੋਂ ਇਸ ਵਾਰ ਪ੍ਰੋਗਰਾਮ 'ਗੁਲਦਸਤਾ 2023' ਖ਼ਾਸ ਤੌਰ 'ਤੇ ਪੁਲਸ ਮੁਲਾਜ਼ਮਾਂ ਲਈ ਹੀ ਕਰਵਾਇਆ ਜਾ ਰਿਹਾ ਹੈ ਤਾਂ ਜੋ ਉਹ ਵੀ ਆਪਣੇ ਸਮੇਂ ਦਾ ਆਨੰਦ ਮਾਣ ਸਕਣ।
ਇਸ ਮੌਕੇ ਉਨ੍ਹਾਂ ਪੁਲਸ ਮੁਲਾਜ਼ਮਾਂ ਵੱਲੋਂ ਹਰ ਰੋਜ਼ ਕੀਤੇ ਜਾ ਰਹੇ ਖ਼ਤਰਿਆਂ ਦਾ ਸਾਹਮਣਾ ਕਰਨ ਬਾਰੇ ਬੋਲਦਿਆਂ ਦੱਸਿਆ ਕਿ ਪੁਲਸ ਵਿਭਾਗ ਦੇ ਮੁਲਾਜ਼ਮਾਂ ਨੂੰ ਹਰ ਰੋਜ਼ ਹੀ ਕਿਸੇ ਨਾ ਕਿਸੇ ਮਾੜੇ ਅਨਸਰ ਨਾਲ ਨਜਿੱਠਣਾ ਪੈਂਦਾ ਹੈ, ਜਿਸ ਦੌਰਾਨ ਕਈ ਵਾਰ ਉਹ ਜ਼ਖ਼ਮੀ ਵੀ ਹੋ ਜਾਂਦੇ ਹਨ ਤੇ ਕਈ ਵਾਰ ਸ਼ਹੀਦੀ ਦਾ ਜਾਮ ਵੀ ਪੀ ਜਾਂਦੇ ਹਨ। ਪਰ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਪੁਲਸ ਵਿਭਾਗ 'ਚ ਕਰੀਬ 80,000 ਮੁਲਾਜ਼ਮ ਹਨ, ਜੋ ਸੂਬੇ ਦੇ ਲਗਭਗ 3.5 ਕਰੋੜ ਲੋਕਾਂ ਦੀ ਰੱਖਿਆ ਕਰਦੇ ਹਨ। ਉਹ ਧੁੱਪ-ਛਾਂ, ਠੰਡ, ਗਰਮੀ ਦੀ ਪਰਵਾਹ ਕੀਤੇ ਬਗੈਰ ਡਿਊਟੀ ਨਿਭਾਉਂਦੇ ਹਨ, ਤਾਂ ਜੋ ਉਨ੍ਹਾਂ ਦੇ ਪੰਜਾਬ ਪਰਿਵਾਰ ਦੇ ਲੋਕ ਚੈਨ ਦੀ ਨੀਂਦ ਸੌਂ ਸਕਣ।
ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਅਜਿਹਾ ਸਮਾਗਮ ਪਹਿਲੀ ਵਾਰ ਹੋ ਰਿਹਾ ਹੈ, ਪਰ ਮੁੰਬਈ 'ਚ 'ਉਮੰਗ' ਨਾਂ ਦਾ ਸਮਾਗਮ ਹਰ ਸਾਲ ਕਰਵਾਇਆ ਜਾਂਦਾ ਹੈ, ਜਿੱਥੇ ਬਾਲੀਵੁੱਡ ਸਿਤਾਰੇ ਵੱਡੀ ਗਿਣਤੀ 'ਚ ਪਹੁੰਚਦੇ ਹਨ ਤੇ ਮੁੰਬਈ ਪੁਲਸ ਦੀ ਕਾਰਗੁਜ਼ਾਰੀ ਲਈ ਉਨ੍ਹਾਂ ਦਾ ਸ਼ੁਕਰੀਆ ਕਰਦੇ ਹੋਏ ਉਨ੍ਹਾਂ ਦਾ ਮਨੋਰੰਜਨ ਕਰਦੇ ਹਨ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਜਦੋਂ ਉਹ ਕਲਾਕਾਰ ਵਜੋਂ ਕੰਮ ਕਰਦੇ ਸਨ ਤਾਂ ਉਹ ਵੀ ਉਸ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ।
ਉਨ੍ਹਾਂ ਪੰਜਾਬ ਦੇ ਹਰ ਵਰਗ ਦੇ ਵਿਅਕਤੀ ਨੂੰ ਆਪਣਾ ਪਰਿਵਾਰਕ ਮੈਂਬਰ ਕਿਹਾ ਤੇ ਖ਼ੁਦ ਨੂੰ ਇਸ ਪਰਿਵਾਰ ਦਾ ਲਾਣੇਦਾਰ ਦੱਸਿਆ। ਉਨ੍ਹਾਂ ਕਿਹਾ ਕਿ ਪੁਲਸ ਦੀ ਡਿਊਟੀ ਹਰ ਸਮਾਗਮ, ਪ੍ਰੋਗਰਾਮ ਜਾਂ ਮੈਚ 'ਚ ਬਾਹਰ ਹੀ ਲੱਗੀ ਹੁੰਦੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਪਰ ਇੱਥੇ ਅੱਜ ਇਹ ਪ੍ਰੋਗਰਾਮ ਇਸ ਲਈ ਕਰਵਾਇਆ ਜਾ ਰਿਹਾ ਹੈ ਤਾਂ ਜੋ ਪੁਲਸ ਵਿਭਾਗ ਦੇ ਸਾਰੇ ਮੁਲਾਜ਼ਮ ਇੱਥੇ ਸਮੇਂ ਦਾ ਆਨੰਦ ਮਾਣ ਸਕਣ, ਆਪਣੀ ਕਲਾ ਦਾ ਨਮੂਨਾ ਪੇਸ਼ ਕਰ ਸਕਣ ਤੇ ਆਏ ਹੋਏ ਹੋਰ ਕਲਾਕਾਰਾਂ ਦੀ ਕਲਾ ਨੂੰ ਇੰਜੁਆਏ ਕਰ ਸਕਣ।
ਉਨ੍ਹਾਂ ਆਪਣੇ ਸੰਸਦ ਮੈਂਬਰ ਤੋਂ ਮੁੱਖ ਮੰਤਰੀ ਬਣਨ ਬਾਰੇ ਬੋਲਦਿਆਂ ਦੱਸਿਆ ਕਿ ਮੁੱਖ ਮੰਤਰੀ ਦਾ ਅਹੁਦਾ ਸੰਸਦ ਮੈਂਬਰ ਨਾਲੋਂ ਬਹੁਤ ਵੱਡਾ ਹੁੰਦਾ ਹੈ। ਇਸੇ ਕਾਰਨ ਸੁਰੱਖਿਆ 'ਚ ਡਿਊਟੀ ਨਿਭਾ ਰਹੇ ਸਾਰੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਨੂੰ ਸੈਲਿਊਟ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਉਹ ਵੀ ਕੋਸ਼ਿਸ਼ ਕਰਦੇ ਹਨ ਕਿ ਉਹ ਹਰ ਸੈਲਿਊਟ ਦਾ ਜਵਾਬ ਸੈਲਿਊਟ ਨਾਲ ਦੇ ਸਕਣ। ਕਿਉਂਕਿ ਅਜਿਹਾ ਨਾ ਕਰਨਾ ਅਜਿਹਾ ਹੁੰਦਾ ਹੈ, ਜਿਸ ਤਰ੍ਹਾਂ ਕਿਸੇ ਨੇ ਤੁਹਾਡੇ ਨਾਲ ਹੱਥ ਮਿਲਾਉਣ ਲਈ ਕੱਢਿਆ ਹੋਵੇ ਤੇ ਤੁਸੀਂ ਉਸ ਲਈ ਆਪਣਾ ਹੱਥ ਅੱਗੇ ਨਾ ਕਰੋ। ਸੈਲਿਊਟ ਦਾ ਜਵਾਬ ਸੈਲਿਊਟ ਨਾਲ ਦੇਣ ਨਾਲ ਮੁਲਾਜ਼ਮ ਨੂੰ ਵੀ ਆਪਣੇ ਆਪ 'ਚ ਖੁਸ਼ੀ ਮਹਿਸੂਸ ਹੁੰਦੀ ਹੈ।
ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁਝ ਪੁਲਸ ਮੁਲਾਜ਼ਮ ਵੀ ਇਸ ਪ੍ਰੋਗਰਾਮ 'ਚ ਆਪਣੀ ਕਲਾ ਦਾ ਜੌਹਰ ਦਿਖਾਉਣਗੇ, ਤਾਂ ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਕਿਸੇ ਨਾ ਕਿਸੇ ਕਾਰਨ ਆਪਣੀ ਕਲਾਕਾਰ ਨੂੰ ਉਜਾਗਰ ਕਰਨ 'ਚ ਪਿੱਛੇ ਰਹਿ ਗਏ ਹੋਣ, ਪਰ ਕਲਾਕਾਰ ਦੀ ਕਲਾਕਾਰੀ ਮੌਕਾ ਦੇਖ ਕੇ ਸਾਹਮਣੇ ਆ ਹੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਇਕ ਕਵਿਤਾ ਵੀ ਸਾਂਝੀ ਕੀਤੀ-
''ਬੇ-ਹਿੰਮਤੇ ਹੁੰਦੇ ਨੇ ਉਹ, ਜੋ ਸ਼ਿਕਵਾ ਕਰਨ ਮੁਕੱਦਰਾਂ ਦਾ,
ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ
ਮੰਜ਼ਲ ਦੇ ਮੱਥੇ 'ਤੇ ਤਖ਼ਤੀ ਲਗਦੀ ਉਨ੍ਹਾਂ ਦੇ ਨਾਵਾਂ ਦੀ
ਜੋ ਘਰੋਂ ਬਣਾ ਕੇ ਤੁਰਦੇ ਨੇ, ਨਕਸ਼ਾ ਆਪਣੇ ਸਫ਼ਰਾਂ ਦਾ''