- Updated: May 05, 2026 01:08 PM
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰਾਂ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਫੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ‘ਆਪ’ ਰਾਜ ਸਭਾ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ।
ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਕਿਹਾ, “ਜਿਸ ਤਰੀਕੇ ਨਾਲ ਸੰਵਿਧਾਨ ਦੀ ਉਲੰਘਣਾ ਕੀਤੀ ਗਈ ਜਦੋਂ ਸੱਤ ‘ਆਪ’ ਰਾਜ ਸਭਾ ਸੰਸਦ ਮੈਂਬਰਾਂ ਨੇ ਦਾਅਵਾ ਕੀਤਾ ਕਿ ਉਹ ਇੱਕ ਵੱਖਰੀ ਪਾਰਟੀ ਹਨ ਅਤੇ ਭਾਜਪਾ ਵਿੱਚ ਰਲੇਵੇਂ ਹੋ ਗਏ, ਉਹ ਗੈਰ-ਸੰਵਿਧਾਨਕ ਹੈ। ਅਸੀਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ‘ਆਪ’ ਰਾਜ ਸਭਾ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਨ ਦੀ ਮੰਗ ਕੀਤੀ। ਜੇਕਰ ਕੇਂਦਰ ਸਰਕਾਰ ਪੰਜਾਬ ਵਿੱਚ ਆਪਣੀ ਸ਼ਕਤੀ ਦੀ ਦੁਰਵਰਤੋਂ ਕਰਦੀ ਹੈ, ਤਾਂ ਅਸੀਂ ਕਾਰਵਾਈ ਕਰਾਂਗੇ।”
ਮੁੱਖ ਮੰਤਰੀ ਨੇ ਰਾਘਵ ਚੱਢਾ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਰਾਘਵ ਚੱਢਾ 21 ਪਰਚਿਆਂ ਦੀ ਧਮਕੀ ਦੇ ਰਹੇ ਹਨ। ਪੰਜਾਬੀ ਧਮਕੀਆਂ ਬਰਦਾਸ਼ਤ ਨਹੀਂ ਕਰਦੇ। ਪਿਆਰ ਨਾਲ ਭਾਵੇਂ ਸਾਡੀ ਜਾਨ ਲੈ ਲਓ ਪਰ ਆਕੜ ਕੀਤੀ ਤਾਂ 5 ਗੁਣਾ ਜ਼ਿਆਦਾ ਤਾਕਤ ਨਾਲ ਜਵਾਬ ਦਿਆਂਗੇ।
ਉਨ੍ਹਾਂ ਅੱਗੇ ਕਿਹਾ ਕਿ ਬਾਗੀ ਸਾਂਸਦਾਂ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ। ਜੇ ਏਨਾ ਇਨਕਲਾਬ ਸੀ ਤਾਂ ਅਸਤੀਫਾ ਕਿਓਂ ਨਹੀਂ ਦਿੱਤਾ। Recall ਦਾ ਮੁੱਦਾ ਵੀ ਰਾਘਵ ਚੱਢਾ ਵਲੋਂ ਹੀ ਚੁੱਕਿਆ ਗਿਆ। ਬਾਗੀ ਸਾਂਸਦਾਂ ਨੇ ਪੰਜਾਬੀਆਂ ਨਾਲ ਵੀ ਗੱਦਾਰੀ ਕੀਤੀ ਹੈ। ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਕਾਨੂੰਨ ਤੋਂ ਉਪਰ ਨਹੀਂ ਹਨ। ਲੋਕਤੰਤਰ ਵਿੱਚ ਕਿਸੇ ਦੀ ਮਨਮਰਜ਼ੀ ਨਹੀਂ ਚੱਲਦੀ। ਪੰਜਾਬ ਵਿੱਚ ਜੇਕਰ ਭਵਿੱਖ ਵਿੱਚ ਵੀ ਕੋਈ ਗਲਤ ਕੰਮ ਦੀ ਰਿਪੋਰਟ ਆਉਂਦੀ ਹੈ ਤਾਂ ਪਰਚਾ ਦਰਜ ਕੀਤਾ ਜਾਵੇਗਾ।