- Updated: May 28, 2026 05:02 PM
ਭਾਜਪਾ ਨੇ ਕੇਵਲ ਢਿੱਲੋਂ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਸੁਨੀਲ ਜਾਖੜ ਦੀ ਜਗ੍ਹਾ ਲੈਣਗੇ। ਢਿੱਲੋਂ ਭਾਜਪਾ ਦੇ ਪਹਿਲੇ ਜੱਟ ਸਿੱਖ ਪ੍ਰਧਾਨ ਹਨ। ਇੱਕ ਵਾਰ ਫਿਰ ਭਾਜਪਾ ਨੇ ਕਾਂਗਰਸ ਦੇ ਉਮੀਦਵਾਰ ‘ਤੇ ਦਾਅ ਲਗਾਇਆ ਹੈ। ਢਿੱਲੋਂ ਤੋਂ ਪਹਿਲਾਂ ਸੁਨੀਲ ਜਾਖੜ ਵੀ ਕਾਂਗਰਸ ਤੋਂ ਆਏ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੇਵਲ ਢਿੱਲੋਂ ਦੀ ਨਿਯੁਕਤੀ ‘ਤੇ ਤੰਜ ਕੱਸਦਿਆਂ ਟਵੀਟ ਕੀਤਾ, “ਕਾਂਗਰਸ ਦੇ ਭਾਜਪਾਈ ਨੇਤਾ ਕੇਵਲ ਢਿੱਲੋਂ ਨੂੰ ਭਾਜਪਾ ਪ੍ਰਧਾਨ ਬਣਨ ‘ਤੇ ਵਧਾਈਆਂ। ਸੁਨੀਲ ਜਾਖੜ ਨਾਲ ਦਿਲੋਂ ਹਮਦਰਦੀ..ਪ੍ਰਮਾਤਮਾ ਰਵਨੀਤ ਬਿੱਟੂ, ਮਨਪ੍ਰੀਤ ਬਾਦਲ, ਫ਼ਤਿਹਜੰਗ ਬਾਜਵਾ, ਤਰੁਣ ਚੁੱਘ ਤੇ ਅਸ਼ਵਨੀ ਸ਼ਰਮਾ ਵਗੈਰਾ ਨੂੰ ਇਹ ਜਿੱਲਤ ਝੱਲਣ ਦਾ ਬਲ ਬਖਸ਼ੇ..”
ਦੂਜੇ ਪਾਸੇ ਕਾਂਗਰਸੀ ਸੀਨੀਅਰ ਆਗੂ ਸੁਖਜਿੰਦਰ ਰੰਧਾਵਾ ਨੇ ਵੀ ਭਾਜਪਾ ਪ੍ਰਧਾਨ ਅਹੁਦੇ ਤੋਂ ਹਟਾਏ ਜਾਣ ‘ਤੇ ਸੁਖਜਿੰਦਰ ਰੰਧਾਵਾ ਨੂੰ ਤਿੱਖੇ ਸਵਾਲ ਪੁੱਛੇ। ਉਨ੍ਹਾਂ ਕੇਵਲ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਰ ਇੱਕ ਸਵਾਲ ਪੁਰਾਣੇ ਪ੍ਰਧਾਨ ਜੀ ਨੂੰ ਵੀ ਪੁੱਛਣਾ ਚਾਹੁੰਦਾ ਹਾਂ- ਤੁਸੀਂ ਤਾਂ ਭਾਜਪਾ ਇਸ ਲਈ ਗਏ ਸੀ ਕਿਉਂਕਿ ਤੁਹਾਡਾ ਕਹਿਣਾ ਸੀ ਕਿ ਕਾਂਗਰਸ ਨੇ ਹਿੰਦੂ ਹੋਣ ਕਰਕੇ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ। ਪਰ ਭਾਜਪਾ ਨੇ ਤਾਂ ਤੁਹਾਡਾ ਪ੍ਰਧਾਨਗੀ ਵਾਲਾ ਕਾਰਜਕਾਲ ਵੀ ਪੂਰਾ ਨਹੀਂ ਹੋਣ ਦਿੱਤਾ… ਹੁਣ ਕੀ ਇਹ ਸਮਝੀਏ ਕਿ ਭਾਜਪਾ ਵੀ “ਹਿੰਦੂ ਵਿਰੋਧੀ” ਹੋ ਗਈ? ਤੁਹਾਡਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਉਣ ਦਾ ਸੀ। ਦੇਖਿਓ ਹੁਣ ਕਿਤੇ ਭਾਜਪਾ ਨੂੰ “ਹਿੰਦੂ ਵਿਰੋਧੀ” ਦਾ ਟੈਗ ਲਗਾ ਕੇ ਛੱਡ ਨਾ ਦਿਓ।

ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਨਿਯੁਕਤੀ ‘ਤੇ ਕਿਹਾ “ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਸੇਵਾ ਕਰਨਾ ਮੇਰੇ ਲਈ ਬਹੁਤ ਸਨਮਾਨ ਅਤੇ ਜ਼ਿੰਮੇਵਾਰੀ ਦਾ ਵਿਸ਼ਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੇਰੇ ਵਿੱਚ ਰੱਖਿਆ ਗਿਆ ਵਿਸ਼ਵਾਸ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਨਿਰੰਤਰ ਮਾਰਗਦਰਸ਼ਨ ਇਸ ਯਾਤਰਾ ਦੌਰਾਨ ਤਾਕਤ ਦਾ ਇੱਕ ਨਿਰੰਤਰ ਸਰੋਤ ਰਿਹਾ ਹੈ।
ਬੀ.ਐਲ. ਸੰਤੋਸ਼ ਤੋਂ ਮੈਨੂੰ ਮਿਲੀ ਸੰਗਠਨਾਤਮਕ ਸਿੱਖਿਆ ਅਤੇ ਮਾਰਗਦਰਸ਼ਨ, ਨਾਲ ਹੀ ਜਗਤ ਪ੍ਰਕਾਸ਼ ਨੱਡਾ ਅਤੇ ਮੌਜੂਦਾ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦਾ ਉਤਸ਼ਾਹ ਅਤੇ ਸਮਰਥਨ, ਮੇਰੇ ਲਈ ਹਮੇਸ਼ਾ ਬਹੁਤ ਕੀਮਤੀ ਰਹੇਗਾ।” ਪੰਜਾਬ ਭਾਜਪਾ ਦੀ ਤਾਕਤ ਹਮੇਸ਼ਾ ਸੂਬੇ ਭਰ ਦੇ ਇਸ ਦੇ ਵਰਕਰ, ਨੇਤਾ ਅਤੇ ਸਮਰਥਕ ਰਹੇ ਹਨ, ਜਿਨ੍ਹਾਂ ਦੀ ਵਫ਼ਾਦਾਰੀ ਅਤੇ ਸਮਰਥਨ ਨੇ ਇਸ ਕਾਰਜਕਾਲ ਨੂੰ ਸਾਰਥਕ ਅਤੇ ਯਾਦਗਾਰੀ ਬਣਾਇਆ।
ਹੁਣ ਜਦੋਂ ਇਹ ਜ਼ਿੰਮੇਵਾਰੀ ਢਿੱਲੋਂ ਨੂੰ ਸੌਂਪੀ ਜਾ ਰਹੀ ਹੈ, ਮੈਂ ਉਨ੍ਹਾਂ ਨੂੰ ਆਪਣੀਆਂ ਦਿਲੋਂ ਸ਼ੁਭਕਾਮਨਾਵਾਂ ਅਤੇ ਪੂਰਾ ਸਮਰਥਨ ਦਿੰਦਾ ਹਾਂ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਅਗਵਾਈ ਹੇਠ, ਸੰਗਠਨ ਹੋਰ ਵੀ ਮਜ਼ਬੂਤ ਹੋਵੇਗਾ ਅਤੇ ਹੋਰ ਵੀ ਸਮਰਪਣ ਭਾਵਨਾ ਨਾਲ ਪੰਜਾਬ ਦੀ ਸੇਵਾ ਕਰੇਗਾ। ਮੇਰੇ ਲਈ, ਪੰਜਾਬ, ਇਸਦੇ ਲੋਕਾਂ ਅਤੇ ਸੰਗਠਨ ਨਾਲ ਮੇਰਾ ਰਿਸ਼ਤਾ ਹਮੇਸ਼ਾ ਕਿਸੇ ਵੀ ਅਹੁਦੇ ਜਾਂ ਜ਼ਿੰਮੇਵਾਰੀ ਤੋਂ ਪਰੇ ਰਿਹਾ ਹੈ, ਅਤੇ ਇਹ ਸਬੰਧ ਉਸੇ ਪਿਆਰ, ਵਚਨਬੱਧਤਾ ਅਤੇ ਸਮਰਪਣ ਨਾਲ ਜਾਰੀ ਰਹੇਗਾ।