- Updated: February 04, 2026 10:46 AM
ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਅਤੇ ਗੈਰ-ਕਾਨੂੰਨੀ ਰਸਤਿਆਂ ਰਾਹੀਂ ਯੂਰਪ ਪਹੁੰਚਣ ਦੀ ਲਾਲਸਾ ਨੇ ਇਕ ਵਾਰ ਫਿਰ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ। ਯੂਨਾਨ (ਗ੍ਰੀਸ) ਦੇ ਚਿਓਸ ਟਾਪੂ ਨੇੜੇ 'ਡੌਂਕੀ' ਲਗਾ ਕੇ ਜਾ ਰਹੇ ਪ੍ਰਵਾਸੀਆਂ ਦੀ ਇਕ ਤੇਜ਼ ਰਫ਼ਤਾਰ ਕਿਸ਼ਤੀ ਦੀ ਕੋਸਟ ਗਾਰਡ ਦੇ ਗਸ਼ਤੀ ਜਹਾਜ਼ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ 14 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਅਜੇ ਵੀ ਲਾਪਤਾ ਹਨ।
ਕੋਸਟ ਗਾਰਡ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਮਰਨ ਵਾਲਿਆਂ ਵਿੱਚ 11 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਹਾਦਸੇ ਤੋਂ ਤੁਰੰਤ ਬਾਅਦ ਚਲਾਏ ਗਏ ਬਚਾਅ ਅਭਿਆਨ ਦੌਰਾਨ 25 ਪ੍ਰਵਾਸੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ, ਜਿਨ੍ਹਾਂ ਵਿੱਚ 11 ਮਾਸੂਮ ਬੱਚੇ ਵੀ ਸ਼ਾਮਲ ਹਨ। ਇਸ ਟੱਕਰ ਵਿੱਚ ਕੋਸਟ ਗਾਰਡ ਦੇ ਦੋ ਅਧਿਕਾਰੀ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਗ੍ਰੀਸ ਪਹੁੰਚਣ ਲਈ ਇਹ ਸਮੁੰਦਰੀ ਰਸਤਾ 'ਡੌਂਕੀ' ਲਗਾਉਣ ਵਾਲਿਆਂ ਲਈ ਸਭ ਤੋਂ ਖ਼ਤਰਨਾਕ ਮੰਨਿਆ ਜਾਂਦਾ ਹੈ। ਏਜੰਟਾਂ ਵੱਲੋਂ ਮੋਟੀਆਂ ਰਕਮਾਂ ਲੈ ਕੇ ਪ੍ਰਵਾਸੀਆਂ ਨੂੰ ਖ਼ਸਤਾਹਾਲ ਕਿਸ਼ਤੀਆਂ ਵਿੱਚ ਠੋਸ ਦਿੱਤਾ ਜਾਂਦਾ ਹੈ। ਇਸ ਹਾਦਸੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣ ਦਾ ਸਫ਼ਰ ਅਕਸਰ ਸਮੁੰਦਰ ਦੀਆਂ ਲਹਿਰਾਂ ਵਿੱਚ ਹੀ ਦਫ਼ਨ ਹੋ ਜਾਂਦਾ ਹੈ।
ਲਾਪਤਾ ਲੋਕਾਂ ਦੀ ਭਾਲ ਲਈ ਚਾਰ ਗਸ਼ਤੀ ਜਹਾਜ਼, ਹਵਾਈ ਸੈਨਾ ਦਾ ਇਕ ਹੈਲੀਕਾਪਟਰ ਅਤੇ ਨਿੱਜੀ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ। ਹਸਪਤਾਲ ਕਰਮਚਾਰੀ ਯੂਨੀਅਨ ਦੇ ਮੁਖੀ ਮਿਚਲਿਸ ਗਿਆਨਾਕੋਸ ਨੇ ਦੱਸਿਆ ਕਿ ਚਿਓਸ ਦੇ ਹਸਪਤਾਲ ਵਿੱਚ ਸਟਾਫ਼ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੈ ਅਤੇ ਉਨ੍ਹਾਂ ਦੇ ਆਪ੍ਰੇਸ਼ਨ ਕੀਤੇ ਜਾ ਰਹੇ ਹਨ।