ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ

ਪੰਜਾਬ ਦੇ ਸਰਕਾਰੀ ਸਕੂਲਾਂ 'ਚ ਸ਼ੁਰੂ ਹੋਈ 'ਅਨਬਾਕਸਿੰਗ ਸੈਲੀਬ੍ਰੇਸ਼ਨ' (ਉਦਘਾਟਨੀ ਜਸ਼ਨ) ਇੱਕ ਵੱਡੇ ਵਿਵਾਦ ਦਾ ਰੂਪ ਧਾਰਨ ਕਰ ਚੁੱਕੀ ਹੈ। ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੇ ਇਸ ‘ਡਿਜੀਟਲ ਡਰਾਮੇ’ ਨੂੰ ਸਿਰੇ ਤੋਂ ਨਕਾਰਦਿਆਂ ਐਲਾਨ ਕੀਤਾ ਹੈ ਕਿ ਉਹ ਇਨ੍ਹਾਂ ਸਮਾਰੋਹਾਂ 'ਚ ਨਵੇਂ ਕੰਪਿਊਟਰਾਂ ਦਾ ਸਵਾਗਤ ਫੁੱਲਾਂ ਨਾਲ ਨਹੀਂ, ਸਗੋਂ ਸਿੱਖਿਆ ਮੰਤਰੀ ਦੇ ਉਨ੍ਹਾਂ ‘ਝੂਠੇ ਵਾਅਦਿਆਂ’ ਦੇ ਪੋਸਟਰਾਂ ਨਾਲ ਕਰਨਗੇ, ਜੋ ਪਿਛਲੇ ਚਾਰ ਸਾਲਾਂ ਤੋਂ ਸਿਰਫ਼ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੱਕ ਹੀ ਸੀਮਤ ਰਹਿ ਗਏ ਹਨ। ਕੰਪਿਊਟਰ ਫੈਕਲਟੀ ਐਸੋਸੀਏਸ਼ਨ ਦੇ ਸੂਬਾਈ ਆਗੂ ਪ੍ਰਦੀਪ ਕੁਮਾਰ ਮਲੂਕਾ, ਜਸਪਾਲ ਫਤਿਹਗੜ੍ਹ ਸਾਹਿਬ, ਲਖਵਿੰਦਰ ਸਿੰਘ ਫਿਰੋਜ਼ਪੁਰ, ਪਵਨ ਸ਼ਰਮਾ ਜਲੰਧਰ, ਹਰਚਰਨ ਸਿੰਘ, ਜਤਿੰਦਰ ਸਿੰਘ ਸੋਢੀ, ਰਾਕੇਸ਼ ਸੈਣੀ ਪਠਾਨਕੋਟ ਅਤੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਆਗੂ ਪਰਮਵੀਰ ਸਿੰਘ ਪੰਮੀ ਨੇ ਸਰਕਾਰੀ ਤੰਤਰ ਦੀ ਕਾਰਜ ਪ੍ਰਣਾਲੀ 'ਤੇ ਸਵਾਲ ਚੁੱਕਦਿਆਂ ਦੱਸਿਆ ਕਿ ਇਨ੍ਹਾਂ ਸਮਾਗਮਾਂ ਦੇ ਆਯੋਜਨ ਲਈ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਇੱਕ ਅਜਿਹਾ ਪੱਤਰ ਭੇਜਿਆ ਗਿਆ ਹੈ, ਜਿਸ 'ਤੇ ਕਿਸੇ ਵੀ ਉੱਚ ਅਧਿਕਾਰੀ ਦੇ ਦਸਤਖ਼ਤ ਨਹੀਂ ਹਨ। ਅਧਿਕਾਰੀ ਖ਼ੁਦ ਇਸ ਦੀ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ ਹਨ ਅਤੇ ਹੁਣ ਸਕੂਲ ਮੁਖੀਆਂ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਇਹ ਬਿਨਾਂ ਦਸਤਖ਼ਤਾਂ ਵਾਲਾ ਪੱਤਰ ਨੋਟ ਕਰਵਾ ਕੇ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਦਿੱਤੇ ਜਾ ਰਹੇ ਹਨ। ਅਧਿਆਪਕਾਂ ਨੇ ਸਵਾਲ ਕੀਤਾ ਕਿ ਜੇਕਰ ਵਿਭਾਗ ਦੇ ਉੱਚ ਅਧਿਕਾਰੀ ਹੀ ਇਸ ਦੀ ਜ਼ਿੰਮੇਵਾਰੀ ਨਹੀਂ ਲੈ ਰਹੇ ਤਾਂ ਅਧਿਆਪਕਾਂ ਨੂੰ ਕਿਸ ਆਧਾਰ 'ਤੇ ਮਜਬੂਰ ਕੀਤਾ ਜਾ ਰਿਹਾ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਚਾਰ ਕੰਪਿਊਟਰਾਂ ਦੇ ਡੱਬੇ ਖੋਲ੍ਹਣ ਲਈ ‘ਇਤਿਹਾਸਕ ਉਪਲੱਬਧੀ’ ਵਜੋਂ ਪ੍ਰਚਾਰ ਕਰਨ ਅਤੇ ਵਿਧਾਇਕਾਂ ਦੀ ਮੌਜੂਦਗੀ 'ਚ ਭਾਰੀ-ਭਰਕਮ ਸਮਾਰੋਹ ਕਰਨ ਦੇ ਹੁਕਮ ਦਿੱਤੇ ਗਏ ਹਨ। ਅਧਿਆਪਕਾਂ ਅਨੁਸਾਰ ਜਿਸ ਸਮਾਰੋਹ 'ਤੇ 30 ਹਜ਼ਾਰ ਰੁਪਏ ਦਾ ਅਨੁਮਾਨਿਤ ਖ਼ਰਚਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉਸ ਦੇ ਲਈ ਸਰਕਾਰ ਵੱਲੋਂ ਕੋਈ ਵੀ ਫੰਡ ਨਹੀਂ ਦਿੱਤਾ ਜਾ ਰਿਹਾ। ਇਹ ਸਾਰਾ ਖ਼ਰਚਾ ਅਧਿਆਪਕਾਂ ਨੂੰ ਮਜਬੂਰਨ ਆਪਣੀ ਜੇਬ ਵਿੱਚੋਂ ਕਰਨਾ ਪਵੇਗਾ। ਅਧਿਆਪਕਾਂ ਨੇ ਕਿਹਾ ਕਿ ਫ਼ਰਵਰੀ-ਮਾਰਚ 'ਚ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਅਜਿਹੇ ਫੋਕੇ ਜਸ਼ਨਾਂ ਕਾਰਨ ਪੜ੍ਹਾਈ ਦਾ ਘਾਣ ਹੋਣਾ ਤੈਅ ਹੈ।

ਕੰਪਿਊਟਰ ਅਧਿਆਪਕ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਦੇ ਮਿਡਲ ਸਕੂਲਾਂ 'ਚ ਕੰਪਿਊਟਰ ਸਾਇੰਸ ਵਿਸ਼ੇ ਦੀ ਪੋਸਟ ਹੀ ਨਹੀਂ ਹੈ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਨੇੜਲੇ ਸਰਕਾਰੀ ਹਾਈ ਸਕੂਲ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਨੂੰ 2-2 ਦਿਨ ਉੱਥੇ ਜਾ ਕੇ ਸੇਵਾਵਾਂ ਦੇਣੀਆਂ ਪੈਂਦੀਆਂ ਹਨ। ਪਿਛਲੇ 4 ਸਾਲਾਂ ਦੇ ਦੌਰਾਨ ਕੰਪਿਊਟਰ ਅਧਿਆਪਕਾਂ ਦੀ ਕੋਈ ਨਵੀਂ ਭਰਤੀ ਨਹੀਂ ਕੀਤੀ ਗਈ, ਜਿਸ ਕਾਰਨ ਅਧਿਆਪਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਅਧਿਆਪਕਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਰੈਗੂਲਰ ਆਰਡਰਾਂ ਦੇ ਲਾਭ ਬਹਾਲ ਨਹੀਂ ਹੁੰਦੇ, ਛੇਵਾਂ ਪੇ-ਕਮਿਸ਼ਨ ਲਾਗੂ ਨਹੀਂ ਹੁੰਦਾ ਅਤੇ ਮ੍ਰਿਤਕ ਅਧਿਆਪਕਾਂ ਦੇ ਵਾਰਸਾਂ ਨੂੰ ਨੌਕਰੀ ਨਹੀਂ ਮਿਲਦੀ, ਉਦੋਂ ਤੱਕ ਸਰਕਾਰ ਦਾ ਵਿਰੋਧ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਸਮਾਰੋਹ 'ਚ ਪਹੁੰਚਣ ਵਾਲੇ ਹਰ ਵਧਾਇਕ ਨੂੰ ਸਿੱਖਿਆ ਮੰਤਰੀ ਦੀ ਪੁਰਾਣੀ ‘ਝੂਠੇ ਵਾਅਦਿਆਂ’ ਵਾਲੀ ਪੋਸਟ ਦਾ ਫਰੇਮ ਕੀਤਾ ਪੋਸਟਰ ਭੇਂਟ ਕੀਤਾ ਜਾਵੇਗਾ। ਸਕੂਲਾਂ ਦੀਆਂ ਕੰਧਾਂ 'ਤੇ ਸਰਕਾਰ ਦੀਆਂ ਨਾਕਾਮੀਆਂ ਦੇ ਪੋਸਟਰ ਲਗਾ ਕੇ ਜਨਤਾ ਨੂੰ ਦੱਸਿਆ ਜਾਵੇਗਾ ਕਿ ਇਹ ਵਿਕਾਸ ਨਹੀਂ, ਸਗੋਂ ਚੋਣਾਂ ਤੋਂ ਪਹਿਲਾਂ ਦਾ ਸਿਆਸੀ ਸਟੰਟ ਹੈ। ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਧਿਆਪਕਾਂ ਦਾ ਇਹ ਤਿੱਖਾ ਰੁਖ਼ ਪੰਜਾਬ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹੈ। ਅਧਿਆਪਕਾਂ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਗੱਲਾਂ ਦਾ ਵੇਲਾ ਲੰਘ ਚੁੱਕਾ ਹੈ, ਹੁਣ ਫ਼ੈਸਲਾ ਸੜਕਾਂ 'ਤੇ ਹੋਵੇਗਾ।

                                         Image

                                        Image