ਕਾਂਗਰਸ ਦਾ 2027 ਲਈ ‘ਮਾਸਟਰ ਪਲਾਨ’ . ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਹੈ ਅਹਿਮ ਜ਼ਿੰਮੇਵਾਰੀ

ਕਾਂਗਰਸ ਦਾ 2027 ਲਈ ‘ਮਾਸਟਰ ਪਲਾਨ’ . ਇਨ੍ਹਾਂ ਆਗੂਆਂ ਨੂੰ ਮਿਲ ਸਕਦੀ ਹੈ ਅਹਿਮ ਜ਼ਿੰਮੇਵਾਰੀ

ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਇੱਕ ਪਾਸੇ ਸੱਤਾਧਿਰ ਪਾਰਟੀ ਆਪਣੀ ਸਰਕਾਰ ਦੇ ਕੰਮਕਾਜ ਦੇ ਆਧਾਰ 'ਤੇ ਮੁੜ ਸੱਤਾ ਹਾਸਲ ਕਰਨ ਦੀ ਤਿਆਰੀ ਕਰ ਰਹੀ ਹੈ, ਦੂਜੇ ਪਾਸੇ ਕਾਂਗਰਸ ਵੀ ਚੋਣੀ ਜੰਗ ਲਈ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਵਿੱਚ ਜੁੱਟੀ ਹੋਈ ਹੈ। ਦਿੱਲੀ 'ਚ ਲਗਾਤਾਰ ਹੋ ਰਹੀਆਂ ਮੀਟਿੰਗਾਂ ਅਤੇ ਪੰਜਾਬ ਦੇ ਸੀਨੀਅਰ ਆਗੂਆਂ ਨਾਲ ਚਰਚਾਵਾਂ ਦੇ ਦਰਮਿਆਨ ਹੁਣ ਕਾਂਗਰਸ ਦੀ ਇੱਕ ਅੰਦਰੂਨੀ ਰਿਪੋਰਟ ਸਾਹਮਣੇ ਆਉਣ ਦੀ ਚਰਚਾ ਹੈ। ਇਸ ਰਿਪੋਰਟ 'ਚ 2027 ਦੀ ਚੋਣ ਰਣਨੀਤੀ, ਸੰਭਾਵਿਤ ਚਿਹਰਿਆਂ ਦੀਆਂ ਜ਼ਿੰਮੇਵਾਰੀਆਂ ਅਤੇ ਮੁੱਖ ਚੋਣੀ ਮੁੱਦਿਆਂ ਦਾ ਖਾਕਾ ਤਿਆਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ।

ਕਾਂਗਰਸ ਦੀ ਇਸ ਕਥਿਤ ਰਣਨੀਤੀ ਦਾ ਸਭ ਤੋਂ ਦਿਲਚਸਪ ਪੱਖ ਇਹ ਹੈ ਕਿ ਪਾਰਟੀ ਵੱਖ-ਵੱਖ ਵਰਗਾਂ ਅਤੇ ਖੇਤਰਾਂ ਨੂੰ ਧਿਆਨ 'ਚ ਰੱਖਦਿਆਂ ਤਿੰਨ ਵੱਡੇ ਚਿਹਰਿਆਂ ਨੂੰ ਅੱਗੇ ਲਿਆਉਣ ਦੀ ਯੋਜਨਾ ਬਣਾ ਸਕਦੀ ਹੈ। ਇਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਨਾਮ ਪ੍ਰਮੁੱਖ ਤੌਰ 'ਤੇ ਸਾਹਮਣੇ ਆ ਰਹੇ ਹਨ। ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਕਾਂਗਰਸ ਜੱਟ ਸਿੱਖ, ਦਲਿਤ ਅਤੇ ਹਿੰਦੂ ਵੋਟਰਾਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਿੰਨੇ ਆਗੂ ਆਪਣੇ-ਆਪਣੇ ਖੇਤਰ ਅਤੇ ਸਮਾਜਿਕ ਆਧਾਰ 'ਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਕਪੂਰਥਲਾ ਤੋਂ ਆਉਣ ਵਾਲੇ ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ ਸਿੰਘ ਨੂੰ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦੋਆਬਾ, ਮਾਝਾ ਅਤੇ ਕੁਝ ਮਾਲਵਾ ਖੇਤਰ ਦੀਆਂ 15 ਤੋਂ 20 ਵਿਧਾਨ ਸਭਾ ਸੀਟਾਂ ਦੀ ਚੋਣੀ ਤਿਆਰੀ ਦੀ ਕਮਾਂਡ ਦਿੱਤੀ ਜਾ ਸਕਦੀ ਹੈ। ਰਾਣਾ ਗੁਰਜੀਤ ਪਿਛਲੇ ਕੁੱਝ ਸਾਲਾਂ ਤੋਂ ਸਿਰਫ ਕਪੂਰਥਲਾ ਤੱਕ ਸੀਮਤ ਨਹੀਂ ਰਹੇ, ਸਗੋਂ ਆਨੰਦਪੁਰ ਸਾਹਿਬ ਅਤੇ ਖਡੂਰ ਸਾਹਿਬ ਲੋਕ ਸਭਾ ਹਲਕਿਆਂ ਵਿੱਚ ਵੀ ਆਪਣੀ ਸਰਗਰਮੀ ਵਧਾ ਰਹੇ ਹਨ। ਇਸ ਕਾਰਨ ਪਾਰਟੀ ਉਨ੍ਹਾਂ ਦੇ ਸੰਗਠਨਾਤਮਕ ਤਜਰਬੇ ਨੂੰ ਵੱਡੇ ਪੱਧਰ 'ਤੇ ਵਰਤਣਾ ਚਾਹੁੰਦੀ ਹੈ। ਕਾਂਗਰਸ ਦੇ ਅੰਦਰ ਮੰਨਿਆ ਜਾਂਦਾ ਹੈ ਕਿ ਰਾਣਾ ਗੁਰਜੀਤ ਕੋਲ ਵਿੱਤੀ ਅਤੇ ਸੰਗਠਨਾਤਮਕ ਦੋਵੇਂ ਤਰ੍ਹਾਂ ਦੀ ਸਮਰੱਥਾ ਹੈ, ਜਿਸ ਦਾ ਫਾਇਦਾ ਪਾਰਟੀ ਚੋਣਾਂ ਦੌਰਾਨ ਲੈਣਾ ਚਾਹੇਗੀ।

ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਵੀ ਪਾਰਟੀ ਦਾ ਸਭ ਤੋਂ ਵੱਡਾ ਚੁਣਾਵੀ ਹਥਿਆਰ ਮੰਨਿਆ ਜਾ ਰਿਹਾ ਹੈ। ਕਾਂਗਰਸ ਦੀ ਕਥਿਤ ਰਿਪੋਰਟ ਵਿੱਚ ਚੰਨੀ ਨੂੰ ਪਾਰਟੀ ਦੀ ਸਭ ਤੋਂ ਵੱਡੀ ਐਸੈੱਟ ਵਜੋਂ ਦਰਸਾਇਆ ਗਿਆ ਦੱਸਿਆ ਜਾ ਰਿਹਾ ਹੈ।
 ਚੰਨੀ ਨੂੰ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਆਨੰਦਪੁਰ ਸਾਹਿਬ ਖੇਤਰ ਵਿੱਚ ਪਾਰਟੀ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਦੋਆਬਾ ਖੇਤਰ ਵਿੱਚ ਦਲਿਤ ਵੋਟਰਾਂ ਦੀ ਵੱਡੀ ਗਿਣਤੀ ਹੈ ਅਤੇ ਚੰਨੀ ਨੂੰ ਇਸ ਵਰਗ ਦਾ ਸਭ ਤੋਂ ਵੱਡਾ ਕਾਂਗਰਸੀ ਚਿਹਰਾ ਮੰਨਿਆ ਜਾਂਦਾ ਹੈ।
 ਸੂਤਰਾਂ ਅਨੁਸਾਰ ਚੋਣ ਪ੍ਰਬੰਧਨ ਕਮੇਟੀ ਦੀ ਕਮਾਨ ਵੀ ਚੰਨੀ ਨੂੰ ਸੌਂਪਣ ਦੀ ਸਿਫਾਰਸ਼ ਕੀਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ 2027 ਦੀ ਚੋਣੀ ਰਣਨੀਤੀ ਵਿੱਚ ਚੰਨੀ ਦੀ ਭੂਮਿਕਾ ਕੇਂਦਰੀ ਹੋ ਸਕਦੀ ਹੈ।

ਕਾਂਗਰਸ ਦੀ ਰਣਨੀਤੀ ਦਾ ਤੀਜਾ ਅਹਿਮ ਚਿਹਰਾ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਹੋ ਸਕਦੇ ਹਨ। ਪੰਜਾਬ ਵਿੱਚ ਕਰੀਬ 38 ਤੋਂ 40 ਫ਼ੀਸਦੀ ਤੱਕ ਹਿੰਦੂ ਵੋਟਰ ਮੰਨੇ ਜਾਂਦੇ ਹਨ ਅਤੇ ਭਾਜਪਾ ਇਸ ਵੋਟ ਬੈਂਕ 'ਚ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ 'ਚ ਕਾਂਗਰਸ ਸਿੰਗਲਾ ਨੂੰ ਹਿੰਦੂ ਵੋਟਰਾਂ ਨਾਲ ਸੰਪਰਕ ਮਜ਼ਬੂਤ ਕਰਨ ਅਤੇ ਪਾਰਟੀ ਦੀ ਪਹੁੰਚ ਵਧਾਉਣ ਦੀ ਜ਼ਿੰਮੇਵਾਰੀ ਦੇ ਸਕਦੀ ਹੈ। ਇਸ ਤੋਂ ਇਲਾਵਾ ਮੈਨੀਫੈਸਟੋ ਕਮੇਟੀ ਦੀ ਅਗਵਾਈ ਵੀ ਉਨ੍ਹਾਂ ਨੂੰ ਸੌਂਪੇ ਜਾਣ ਦੀ ਚਰਚਾ ਹੈ। ਸਿਆਸੀ ਤੌਰ 'ਤੇ ਇਹ ਕਦਮ ਕਾਂਗਰਸ ਦੀ ਉਸ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ, ਜਿਸ ਤਹਿਤ ਪਾਰਟੀ ਹਰ ਵਰਗ ਨੂੰ ਨੁਮਾਇੰਦਗੀ ਦੇਣ ਦਾ ਸੰਦੇਸ਼ ਦੇਣਾ ਚਾਹੁੰਦੀ ਹੈ।