ਚੋਣ ਨਤੀਜਿਆਂ ਤੋਂ ਬਾਅਦ ਐਕਸ਼ਨ ਮੋਡ ‘ਚ ਆਈ ਕਾਂਗਰਸ ਹਾਈਕਮਾਂਡ, ਦਿੱਲੀ ‘ਚ ਪੰਜਾਬ ਆਗੂਆਂ ਦੀ ਅਹਿਮ ਬੈਠਕ ਸੱਦੀ

ਚੋਣ ਨਤੀਜਿਆਂ ਤੋਂ ਬਾਅਦ ਐਕਸ਼ਨ ਮੋਡ ‘ਚ ਆਈ ਕਾਂਗਰਸ ਹਾਈਕਮਾਂਡ, ਦਿੱਲੀ ‘ਚ ਪੰਜਾਬ ਆਗੂਆਂ ਦੀ ਅਹਿਮ ਬੈਠਕ ਸੱਦੀ

ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਅਤੇ ਚੋਣਵੀਂ ਕਾਰਗੁਜ਼ਾਰੀ ਨੂੰ ਲੈ ਕੇ ਅੱਜ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਨਿਵਾਸ 'ਤੇ ਹੋਈ ਬੈਠਕ ਕਾਫ਼ੀ ਗਰਮਾ-ਗਰਮ ਰਹੀ। ਸੂਤਰਾਂ ਅਨੁਸਾਰ, ਕਾਂਗਰਸ ਹਾਈਕਮਾਂਡ ਨੇ ਪੰਜਾਬ ਵਿੱਚ ਹੋਈਆਂ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ 'ਤੇ ਸੂਬਾ ਲੀਡਰਸ਼ਿਪ ਪ੍ਰਤੀ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।

ਇਸ ਅਹਿਮ ਬੈਠਕ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਸ਼ਾਮਲ ਸਨ। ਹਾਲਾਂਕਿ ਬੈਠਕ ਦਾ ਅਧਿਕਾਰਤ ਏਜੰਡਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਵਿੱਚ SIR ਸਣੇ ਹੋਰ ਮਸਲਿਆਂ 'ਤੇ ਚਰਚਾ ਕਰਨਾ ਸੀ, ਪਰ ਸਾਰਾ ਜ਼ੋਰ ਹਾਲੀਆ ਚੋਣ ਹਾਰਾਂ 'ਤੇ ਰਿਹਾ।

ਸੂਤਰਾਂ ਮੁਤਾਬਕ, ਬੈਠਕ ਵਿੱਚ ਮੌਜੂਦ ਕਈ ਆਗੂਆਂ ਨੇ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਦੀ ਹਾਰ ਲਈ ਸਿੱਧੇ ਤੌਰ 'ਤੇ ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਾਣਕਾਰੀ ਮੁਤਾਬਕ, ਇੱਕ ਸੀਨੀਅਰ ਆਗੂ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਿਹੜੇ ਆਗੂ ਪੂਰਾ ਪੰਜਾਬ ਜਿੱਤਣ ਦੇ ਦਾਅਵੇ ਕਰਦੇ ਸਨ, ਉਹ ਆਪਣੇ ਗ੍ਰਹਿ ਖੇਤਰ ਵਿੱਚ ਵੀ ਬੁਰੀ ਤਰ੍ਹਾਂ ਹਾਰ ਗਏ ਹਨ। ਇਹ ਇਸ਼ਾਰਾ ਸਿੱਧੇ ਤੌਰ 'ਤੇ ਵੜਿੰਗ ਦੀ ਲੀਡਰਸ਼ਿਪ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।

ਕਾਂਗਰਸ ਲੀਡਰਸ਼ਿਪ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਇੰਚਾਰਜ ਭੁਪੇਸ਼ ਬਘੇਲ ਕੋਲੋਂ ਨਗਰ ਕੌਂਸਲ ਚੋਣਾਂ ਵਿੱਚ ਹੋਈ ਹਾਰ ਦੇ ਕਾਰਨਾਂ 'ਤੇ ਇੱਕ ਵਿਸਤ੍ਰਿਤ ਰਿਪੋਰਟ ਮੰਗੀ ਹੈ। ਇਸ ਬੈਠਕ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਵੱਡੇ ਫੇਰਬਦਲ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।